ਚੰਡੀਗੜ੍ਹ, 8 ਅਗਸਤ (ਪੰਜਾਬ ਮੇਲ)- ਅਕਾਲੀ ਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਚੇਅਰਮੈਨਸ਼ਿਪ ਹੇਠ ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸਦੀ ਜਾਣਕਾਰੀ ਸਾਬਕਾ ਸਿੱਖਿਆ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਦੀ ਬੋਰਡ ‘ਚ ਕੁੱਲ 5 ਮੈਂਬਰ ਹੋਣਗੇ, ਜਿਨ੍ਹਾਂ ‘ਚ ਬਲਵਿੰਦਰ ਸਿੰਘ ਭੂੰਦੜ ਚੇਅਰਮੈਨ ਹੋਣਗੇ ਅਤੇ ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਅਤੇ ਉਹ ਖੁਦ ਡਾ. ਦਲਜੀਤ ਸਿੰਘ ਚੀਮਾ ਮੈਂਬਰ ਹੋਣਗੇ।
ਜ਼ਿਕਰਯੋਗ ਹੈ ਕਿ ਸੰਸਦੀ ਬੋਰਡ ਪਿਛਲੇ ਲੰਬੇ ਸਮੇਂ ਤੋਂ ਹੋਂਦ ‘ਚ ਨਹੀਂ ਸੀ ਪਰ ਹੁਣ ਹੋਂਦ ਦੀ ਲੜਾਈ ਲੜ ਰਹੀ ਪਾਰਟੀ ਤੇ ਬਾਗ਼ੀ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੁੱਜਣ ਬਾਅਦ ਪਾਰਟੀ ਬੰਦ ਪਏ ਅਜਿਹੇ ਬੋਰਡਾਂ ਤੇ ਕਮੇਟੀਆਂ ਨੂੰ ਪੁਨਰ-ਸੁਰਜੀਤ ਕਰਨ ‘ਤੇ ਲੱਗ ਗਈ ਹੈ। ਦੋਵੇਂ ਧੜੇ ਆਪੋ-ਆਪਣੀ ਪੈਂਠ ਬਣਾਉਣ ਤੇ ਪਾਰਟੀ ਵਰਕਰਾਂ ਨੂੰ ਗਤੀਸ਼ੀਲ ਕਰਨ ਲਈ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਨਵੰਬਰ ਮਹੀਨੇ ‘ਚ ਡੈਲੀਗੇਟ ਇਜਲਾਸ ਸੱਦਣ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਣ ਵਾਲੇ ਫ਼ੈਸਲੇ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਅਕਾਲੀ ਦਲ ਦੇ ਦੋਵੇਂ ਧੜੇ ਆਪੋ-ਆਪਣੇ ਪੱਧਰ ‘ਤੇ ਸਰਗਰਮ ਦਿਖਾਈ ਦੇ ਰਹੇ ਹਨ।