-ਪੁਲਿਸ ਵੱਲੋਂ 5 ਜਣਿਆਂ ਖ਼ਿਲਾਫ਼ ਕੇਸ ਦਰਜ
– ਛੇਹਰਟਾ ‘ਚ ਸਮਾਗਮ ‘ਚ ਸ਼ਾਮਲ ਹੋਣ ਆਇਆ ਸੀ ਹਰਜਿੰਦਰ ਸਿੰਘ
ਅੰਮ੍ਰਿਤਸਰ, 26 ਮਈ (ਪੰਜਾਬ ਮੇਲ)- ਜੰਡਿਆਲਾ ਗੁਰੂ ਦੀ ਨਗਰ ਕੌਂਸਲ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕੌਂਸਲਰ ਹਰਜਿੰਦਰ ਸਿੰਘ ਉਰਫ਼ ਬਾਮਨ ਦੀ ਐਤਵਾਰ ਨੂੰ ਛੇਹਰਟਾ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਫੈਲ ਗਈ। ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.ਪੀ.) ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਕਈ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਹਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਛੇਹਰਟਾ ਵਿਚ ਇੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਇਆ ਸੀ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਦੁਪਹਿਰ ਦੇ ਖਾਣੇ ਲਈ ਨੇੜੇ ਇੱਕ ਸਥਾਨ ‘ਤੇ ਜਾ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਜਾਂਦੇ ਸਮੇਂ ਉਸਦੀ ਮੌਤ ਹੋ ਗਈ।
ਹਰਜਿੰਦਰ ਨੂੰ ਕਈ ਵਿਅਕਤੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਕੁਝ ਅਣਪਛਾਤੇ ਵਿਅਕਤੀਆਂ ਨੇ 12 ਮਈ ਨੂੰ ਜੰਡਿਆਲਾ ਸਥਿਤ ਉਸ ਦੇ ਘਰ ਬਾਹਰ ਗੋਲੀਆਂ ਵੀ ਚਲਾਈਆਂ ਸਨ। ਪਰ ਜਦੋਂ ਇਹ ਘਟਨਾ ਵਾਪਰੀ, ਤਾਂ ਉਹ ਉਸ ਦਿਨ ਘਰ ਵਿਚ ਨਹੀਂ ਸੀ।
ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ‘ਤੇ ਪੁਲਿਸ ਨੇ ਕਿਸ਼ਨ, ਕਰਨ, ਘੁੱਦੂ, ਗੋਲਡੀ ਅਤੇ ਰਾਜੂ ਨੂੰ ਨਾਮਜ਼ਦ ਕੀਤਾ ਹੈ। ਕਿਸ਼ਨ, ਜੋ ਇਸ ਸਮੇਂ ਦੁਬਈ ਵਿਚ ਰਹਿੰਦਾ ਹੈ, ਉਸ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ।
ਛੇਹਰਟਾ ਪੁਲਿਸ ਸਟੇਸ਼ਨ ਦੇ ਐੱਸ.ਐੱਚ.ਓ. ਵਿਨੋਦ ਕੁਮਾਰ ਨੇ ਕਿਹਾ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜਮਾਂ ਬਾਰੇ ਸੁਰਾਗ ਮਿਲ ਸਕਣ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਚੁੱਕੇ ਜਾਣ ਕਾਰਨ ਹਰਜਿੰਦਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਿਸ਼ਨ ਬਦਨਾਮ ਗੈਂਗਸਟਰ ਹੈਪੀ ਜੱਟ ਦਾ ਕਰੀਬੀ ਸਾਥੀ ਹੈ ।
ਡੀ.ਸੀ.ਪੀ. ਸਿਟੀ ਜਗਜੀਤ ਸਿੰਘ ਵਾਲੀਆ ਨੇ ਕੌਂਸਲਰ ਦੀ ਹੱਤਿਆ ਦਾ ਮਾਮਲਾ ਦੋ ਧੜਿਆਂ ਦੀ ਆਪਸੀ ਲੜਾਈ ਦਾ ਸਿੱਟਾ ਹੈ ਅਤੇ ਉਸ ਦਾ ਕਤਲ ਕ੍ਰਿਸ਼ਨਾ ਗੈਂਗ ਵੱਲੋਂ ਕੀਤਾ ਗਿਆ ਹੈ। ਪੁਲਿਸ ਨੇ ਕਾਤਲਾਂ ਦੀ ਪਛਾਣ ਕਰ ਲਈ ਹੈ ਅਤੇ ਵਾਰਦਾਤ ਵੇਲੇ ਵਰਤੇ ਗਏ ਵਾਹਨ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਕੇਸ ਵਿਚ ਅਮਿਤ, ਗੋਪੀ ਅਤੇ ਕਰਨ ਕੀੜਾ ਦੀ ਤਲਾਸ਼ ਹੈ ਅਤੇ ਤਿੰਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸ੍ਰੀ ਵਾਲੀਆ ਨੇ ਦੱਸਿਆ ਕਿ ਕ੍ਰਿਸ਼ਨਾ ਗੈਂਗ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਸ਼ਨਿਚਰਵਾਰ ਨੂੰ ਕਾਬੂ ਕੀਤਾ ਹੈ। ਇਸੇ ਦੌਰਾਨ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਚ ਜੋ ਗੋਲੀਆਂ ਚੱਲੀਆਂ ਸਨ, ਉਹ ਸਤਨਾਮ ਸਿੰਘ ਦੇ ਘਰ ਬਾਹਰ ਚਲਾਈਆਂ ਗਈਆਂ ਸਨ ਅਤੇ ਇਸ ਦੇ ਸਬੰਧ ਵਿਚ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਜਾਂ ਉਸ ਦੇ ਪਰਿਵਾਰ ਨੇ ਕਦੇ ਵੀ ਪੁਲਿਸ ਸੁਰੱਖਿਆ ਦੀ ਮੰਗ ਨਹੀਂ ਕੀਤੀ ਸੀ।
ਅਕਾਲੀ ਦਲ ਦੇ ਕੌਂਸਲਰ ਦੀ ਗੋਲੀ ਮਾਰ ਕੇ ਹੱਤਿਆ
