#AMERICA

ਅਕਾਲੀ ਆਗੂ ਹਰਿੰਦਰ ਸਿੰਘ ਹੁੰਦਲ (ਬਬਲੀ) ਨਹੀਂ ਰਹੇ

ਟਰਲਕ, 15 ਨਵੰਬਰ (ਪੰਜਾਬ ਮੇਲ)- ਟਕਸਾਲੀ ਅਕਾਲੀ ਆਗੂ ਹਰਿੰਦਰ ਸਿੰਘ ਹੁੰਦਲ (ਬਬਲੀ) ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਪਰਲੋਕ ਸਿਧਾਰ ਗਏ ਹਨ। ਉਹ ਲਗਭਗ 63 ਵਰ੍ਹਿਆਂ ਦੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਨਿੱਝਰ, ਅੰਮਿ੍ਰਤਪਾਲ ਸਿੰਘ ਨਿੱਝਰ ਅਤੇ ਸੁਰਿੰਦਰ ਸਿੰਘ ਛਿੰਦਾ ਅਟਵਾਲ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲਗਭਗ 45 ਸਾਲਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਟਰਲਕ ਵਿਖੇ ਰਹਿ ਰਹੇ ਸਨ। ਇਥੇ ਰਹਿ ਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਆਪਣਾ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਪਿਛਲਾ ਪਿੰਡ ਮਲਸੀਆਂ, ਜ਼ਿਲ੍ਹਾ ਜਲੰਧਰ ਸੀ। ਉਨ੍ਹਾਂ ਦੇ ਪਿਤਾ ਥਾਣੇਦਾਰ ਸ. ਸਵਰਨ ਸਿੰਘ ਹੁੰਦਲ ਆਪਣੇ ਇਲਾਕੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਸਨ।
ਹਰਿੰਦਰ ਸਿੰਘ ਹੁੰਦਲ ਨੇ ਲਾਸ ਏਂਜਲਸ, ਲਾਸ ਵੈਨਸ ਅਤੇ ਟਰਲਕ ਸ਼ਹਿਰਾਂ ਵਿਚ ਲੰਮਾ ਸਮਾਂ ਬਿਤਾਇਆ। ਉਨ੍ਹਾਂ ਨੇ ਸਮੇਂ-ਸਮੇਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ’ਤੇ ਵੀ ਆਪਣੀ ਸੇਵਾ ਨਿਭਾਈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਦੀਵਾਲੀ ਦੀ ਰਾਤ ਸਾਨ ਫਰਾਂਸਿਸਕੋ ਵਿਖੇ ਇਕ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਹਰਿੰਦਰ ਸਿੰਘ ਹੁੰਦਲ ਦੀ ਬੇਵਕਤ ਮੌਤ ’ਤੇ ਦੇਸ਼ਾਂ-ਵਿਦੇਸ਼ਾਂ ਵਿਚ ਦੋਸਤਾਂ, ਮਿੱਤਰਾਂ, ਅਕਾਲੀ ਵਰਕਰਾਂ ’ਚ ਸੋਕ ਦੀ ਲਹਿਰ ਪਾਈ ਜਾ ਰਹੀ ਹੈ। ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਵੱਲੋਂ ਹਰਿੰਦਰ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਉਨ੍ਹਾਂ ਦਾ ਅੰਤਿਮ ਸਸਕਾਰ 21 ਨਵੰਬਰ, ਦਿਨ ਮੰਗਲਵਾਰ, ਸਵੇਰੇ 10 ਵਜੇ ਟਰਲਕ ਫਿਊਨਰਲ ਹੋਮ 425 N. Soderquist Road, Turlock, CA 95380 ਵਿਖੇ ਹੋਵੇਗਾ। ਉਪਰੰਤ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਦੁਪਹਿਰ 2 ਵਜੇ ਟਰਲਕ ਗੁਰਦੁਆਰਾ ਸਾਹਿਬ, R1391 5th St. Turlock, CA 95380 ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝ ਕਰਨ ਲਈ 209-486-6505 ਜਾਂ 209-585-7885 ’ਤੇ ਸੰਪਰਕ ਕੀਤਾ ਜਾ ਸਕਦਾ ਹੈ।