#PUNJAB

ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ‘ਆਪ’ ਉਮੀਦਵਾਰ ਦੀ ਹਮਾਇਤ ਦਾ ਐਲਾਨ

ਗੁਰਦਾਸਪੁਰ, 17 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਬਣਾਈ ਗਈ 31 ਮੈਂਬਰੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਸਮਰਥਨ ਦੇਣ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਲੰਗਾਹ ਧੜੇ ਦੇ ਇਸ ਐਲਾਨ ਤੋਂ ਬਾਅਦ ਡੇਰਾ ਬਾਬਾ ਨਾਨਕ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਭਾਰੀ ਬੱਲ ਮਿਲਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਅਕਾਲੀ ਆਗੂਆਂ ਦੀ ਇਕ 31 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਕੁਝ ਦਿਨ ਬਾਅਦ ਇਹ ਕਮੇਟੀ ਹਲਕੇ ਵਿੱਚ ਵਿਚਰ ਕੇ ਸਾਰੀਆਂ ਸਥਿਤੀਆਂ ‘ਤੇ ਗੌਰ ਕਰਕੇ ਫੈਸਲਾ ਕਰੇਗੀ ਕਿ ਜ਼ਿਮਨੀ ਚੋਣਾਂ ਵਿੱਚ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ। ਇਸ ਤੋਂ ਬਾਅਦ ਅੱਜ ਇਸ 31 ਮੈਂਬਰੀ ਕਮੇਟੀ ਨੇ ਸਰਬ ਸੰਮਤੀ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗੀ । ਹਾਲਾਂਕਿ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਦਾ ਡੇਰਾ ਬਾਬਾ ਨਾਨਕ ਹਲਕੇ ਲਈ ਨਿੱਜੀ ਫੈਸਲਾ ਹੈ ਨਾ ਕਿ ਪਾਰਟੀ ਦਾ। ਇਸ ਦੇ ਨਾਲ ਹੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੀਆਂ ਸਥਿਤੀਆਂ ‘ਤੇ ਗੌਰ ਕੀਤਾ ਹੈ ਅਤੇ ਉਨ੍ਹਾਂ ਦਾ ਮੁੱਖ ਵਿਰੋਧ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ ਨਾਲ ਹੈ । ਹਾਲਾਂਕਿ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨਾਲ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੈ ਪਰ ਉਹ ਭਾਜਪਾ ਦੇ ਉਮੀਦਵਾਰ ਹਨ ਜਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਸਾਨਾਂ ਦੇ ਮੁੱਦੇ ‘ਤੇ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਖੂਬ ਧੱਕਾ ਕੀਤਾ ਹੈ।  ਇਸ ਲਈ ਉਹ ਰਵੀਕਰਨ ਸਿੰਘ ਕਾਹਲੋਂ ਦਾ ਸਾਥ ਵੀ ਨਹੀਂ ਦੇ ਸਕਦੇ।