#PUNJAB

ਹੁਸ਼ਿਆਰਪੁਰ ਲੋਕ ਸਭਾ ਸੀਟ ‘ਤੇ ਦਿਲਚਸਪ ਹੋਵੇਗਾ ਪੰਜ ਕੋਣਾ ਮੁਕਾਬਲਾ

-ਭਾਜਪਾ ਤੇ ਕਾਂਗਰਸ ਨੇ ਦਿੱਤੀ ਮਹਿਲਾ ਉਮੀਦਵਾਰਾਂ ਨੂੰ ਤਰਜੀਹ
ਹੁਸ਼ਿਆਰਪੁਰ, 24 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਬਿਸਾਤ ਵਿਛਾ ਦਿੱਤੀ ਹੈ। ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਪਿਛੋਕੜ ‘ਤੇ ਝਾਤ ਮਾਰੀ ਜਾਏ, ਤਾਂ ਇਹ ਸੀਟ ਕਾਂਗਰਸ ਨੇ 10 ਵਾਰ, ਭਾਜਪਾ ਨੇ 5 ਵਾਰ, ਬਸਪਾ ਨੇ ਇਕ ਵਾਰ ਤੇ ਜਨਤਾ ਪਾਰਟੀ ਨੇ ਵੀ ਇਕ ਵਾਰ ਜਿੱਤੀ ਹੋਈ ਹੈ। ਹੁਸ਼ਿਆਰਪੁਰ ਤੋਂ ਭਾਜਪਾ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਕਾਂਗਰਸ ਨੇ ‘ਆਪ’ ਵਿਚੋਂ ਆਈ ਯਾਮਿਨੀ ਗੋਮਰ, ‘ਆਪ’ ਨੇ ਕਾਂਗਰਸ ਵਿਚੋਂ ਆਏ ਡਾ. ਰਾਜ ਕੁਮਾਰ, ਅਕਾਲੀ ਦਲ ਨੇ ਸੋਮ ਪ੍ਰਕਾਸ਼ ਤੇ ਬਸਪਾ ਨੇ ਰਾਕੇਸ਼ ਸੁਮਨ ਨੂੰ ਮੈਦਾਨ ਵਿਚ ਉਤਾਰਿਆ ਹੈ। ਸਾਰੇ ਉਮੀਦਵਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਇੰਝ ਹੈ।
ਭਾਜਪਾ ਵੱਲੋਂ ਅਨੀਤਾ ਸੋਮ ਪ੍ਰਕਾਸ਼ ਮੈਦਾਨ ‘ਚ : ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ। ਅਨੀਤਾ ਸੋਮ ਪ੍ਰਕਾਸ਼ ਕਾਫ਼ੀ ਸਮੇਂ ਤੋਂ ਇਸ ਹਲਕੇ ਵਿਚ ਸਮਾਜ ਸੇਵੀ ਕਾਰਜਾਂ ਵਿਚ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਵਿਚ ਫਗਵਾੜਾ ਵਿਚ ਚੱਲਣ ਵਾਲਾ ਲੰਗਰ ਤੇ ਬਾਕੀ ਵਿਧਾਨ ਸਭਾ ਹਲਕਿਆਂ ਵਿਚ ਸਿਲਾਈ ਸੈਂਟਰ, ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਮਦਦ, ਲੜਕੀਆਂ ਦੀ ਸਿੱਖਿਆ ਦੇ ਪ੍ਰਬੰਧ ਸ਼ਾਮਲ ਹਨ।
ਯਾਮਿਨੀ ਗੋਮਰ ਕਾਂਗਰਸ ਵੱਲੋਂ ਹੋਣਗੇ ਉਮੀਦਵਾਰ: ਕਾਂਗਰਸ ਨੇ ਸਭ ਤੋਂ ਅਖ਼ੀਰ ਵਿਚ ਉਮੀਦਵਾਰ ਦਾ ਐਲਾਨ ਕੀਤਾ ਹੈ। 2016 ਵਿਚ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਈ ਯਾਮਿਨੀ ਗੋਮਰ ਸਮਾਜ ਸੇਵੀ ਹਨ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਕਾਂਗਰਸ ਨੇ ਯਾਮਿਨੀ ਨੂੰ ਟਿਕਟ ਦੇ ਕੇ ਹੁਸ਼ਿਆਰਪੁਰ ਵਿਚ ਕਾਂਗਰਸ ਦੀ ਧੜੇਬੰਦੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।
‘ਆਪ’ ਵੱਲੋਂ ਡਾ. ਰਾਜ ਕੁਮਾਰ ਮੈਦਾਨ ‘ਚ ਨਿਤਰੇ : ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿਚ ਸ਼ਾਮਲ ਹੋਣ ਵਾਲੇ ਡਾ. ਰਾਜ ਕੁਮਾਰ ਪੇਸ਼ੇ ਤੋਂ ਰੇਡੀਓਲੋਜਿਸਟ ਹਨ। ਕੋਸ਼ਿਸ਼ ਸੰਸਥਾ ਰਾਹੀਂ ਸਮਾਜ ਸੇਵਾ ਪਿੱਛੋਂ ਸਿਆਸਤ ਵਿਚ ਵਿਚ ਕਦਮ ਰੱਖਿਆ ਸੀ। ਉਹ 2014 ਵਿਚ ਵੀ ਲੋਕ ਸਭਾ ਚੋਣ ਲੜ ਚੁੱਕੇ ਹਨ। ਉਹ ਕਾਂਗਰਸ ਵਿਚ ਵਿਧਾਇਕ ਰਹਿ ਚੁੱਕੇ ਹਨ।
ਅਕਾਲੀ ਦਲ ਨੇ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ‘ਚ ਉਤਾਰਿਆ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਚਾਰ ਵਾਰ ਵਿਧਾਇਕ ਰਹੇ ਸੋਹਣ ਸਿੰਘ ਠੰਡਲ ਨੂੰ ਚੋਣ ਮੈਦਾਨ ਵਿਚ ਲਿਆ ਕੇ ਪਾਰਟੀ ਦੀ ਅੰਦਰੂਨੀ ਫੁੱਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਹਣ ਸਿੰਘ ਠੰਡਲ ਲਈ ਜ਼ਿਲ੍ਹਾ ਅਕਾਲੀ ਦਲ ਇਕਮਤ ਸੀ ਅਤੇ ਕਿਸੇ ਵੀ ਬਾਹਰੀ ਉਮੀਦਵਾਰ ਨੂੰ ਸਵੀਕਾਰ ਨਹੀਂ ਕਰ ਰਹੇ ਸਨ। ਬਾਦਲ ਸਰਕਾਰ ਸਮੇਂ ਦੋ ਵਾਰ ਮੰਤਰੀ ਰਹੇ ਸੋਹਣ ਸਿੰਘ ਠੰਡਲ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਹਨ।
ਬਸਪਾ ਵੱਲੋਂ ਰਾਕੇਸ਼ ਸੁਮਨ ਮੈਦਾਨ ਲੜਨਗੇ ਚੋਣ : ਬਹੁਜਨ ਸਮਾਜ ਪਾਰਟੀ ਨੇ ਵੀ ਧੜੇਬੰਦੀ ਖ਼ਤਮ ਕਰਨ ਲਈ ਕਿਸੇ ਵੀ ਧੜੇ ਨਾਲ ਨਾ ਸਬੰਧਤ ਹੋਣ ਵਾਲੇ ਰਾਕੇਸ਼ ਸੁਮਨ ਨੂੰ ਮੈਦਾਨ ਵਿਚ ਉਤਾਰਿਆ ਹੈ। ਰਾਕੇਸ਼ ਸੁਮਨ ਕੋਲ ਸਿਆਸੀ ਪਿਛੋਕੜ ਹੈ, ਉਨ੍ਹਾਂ ਦੇ ਦਾਦਾ ਜੀ 1957 ਵਿਚ ਚੋਣ ਲੜ ਚੁੱਕੇ ਹਨ। ਸਮਾਜ ਸੇਵੀ ਰਹੇ ਰਾਕੇਸ਼ ਸੁਮਨ ਵੀ ਬਹੁਤ ਮਿਹਨਤ ਕਰ ਰਹੇ ਹਨ।