ਇਕੱਠਿਆਂ ਲੜਨ ਨਾਲ ਮਿਲੇਗੀ ਜਿੱਤ : ਬਜਰੰਗ ਪੁਨੀਆ
ਨਵੀਂ ਦਿੱਲੀ, 5 ਜੂਨ (ਪੰਜਾਬ ਮੇਲ)- ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਕਈ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਰਿਆਣਾ ਦੇ ਸੋਨੀਪਤ ਦੀ ਗੋਹਾਨਾ ਤਹਿਸੀਲ ਦੇ ਮੁੰਡਲਾਣਾ ਪਿੰਡ ਵਿਚ ਐਤਵਾਰ (4 ਜੂਨ) ਨੂੰ ਪਹਿਲਵਾਨਾਂ ਦੇ ਸਮਰਥਨ ਵਿਚ ਇੱਕ ਸਰਬ-ਜਾਤੀ ਪੰਚਾਇਤ ਦਾ ਆਯੋਜਨ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ, ਰਾਸ਼ਟਰੀ ਲੋਕ ਦਲ (ਆਰ.ਐੱਲ.ਡੀ.) ਦੇ ਪ੍ਰਧਾਨ ਜਯੰਤ ਚੌਧਰੀ, ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ, ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਸਮੇਤ ਕਈ ਲੋਕਾਂ ਨੇ ਸ਼ਿਰਕਤ ਕੀਤੀ।
ਪੰਚਾਇਤ ਦੌਰਾਨ ਪਹਿਲਵਾਨਾਂ ਦੀ ਕਾਰਗੁਜ਼ਾਰੀ ਸਬੰਧੀ ਕਈ ਮੁੱਦੇ ਵਿਚਾਰੇ ਗਏ। ਇਸ ਦੌਰਾਨ ਪੂਨੀਆ ਨੇ ਕਿਹਾ, ”ਅਸੀਂ ਇਕੱਠੇ ਹੋ ਕੇ ਇਸ ਅੰਦੋਲਨ ਵਿਚ ਜਿੱਤ ਹਾਸਿਲ ਕਰਾਂਗੇ। ਅਸੀਂ ਨਹੀਂ ਚਾਹੁੰਦੇ ਕਿ ਪੰਚਾਇਤਾਂ ਰੋਜ਼ਾਨਾ ਕਰਵਾਈਆਂ ਜਾਣ ਕਿਉਂਕਿ ਵੱਖਰੀਆਂ ਪੰਚਾਇਤਾਂ ਹੋਣ ਨਾਲ ਸਾਡੀ ਏਕਤਾ ਨਜ਼ਰ ਨਹੀਂ ਆ ਰਹੀ ਅਤੇ ਸਰਕਾਰ ਇਸ ਦਾ ਸਿੱਧਾ ਫਾਇਦਾ ਚੁੱਕ ਰਹੀ ਹੈ।”
ਉਨ੍ਹਾਂ ਕਿਹਾ, ”ਤੁਸੀਂ 28 ਮਈ ਨੂੰ ਆਉਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਨਹੀਂ ਆ ਸਕੇ ਅਤੇ ਪੁਲਿਸ ਨੇ ਤੁਹਾਨੂੰ ਰੋਕ ਲਿਆ। ਤੁਸੀਂ ਵੱਖ ਹੋ ਕੇ ਨਹੀਂ ਜਿੱਤ ਸਕੋਗੇ। ਆਓ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਜਾਣ। ਅਸੀਂ ਮਹਾਪੰਚਾਇਤ ਕਰਾਂਗੇ। ਅਸੀਂ ਵੱਡਾ ਫੈਸਲਾ ਲਵਾਂਗੇ। ਤਿੰਨ-ਚਾਰ ਦਿਨਾਂ ਵਿਚ ਪਹਿਲਵਾਨਾਂ ਦੀ ਪੰਚਾਇਤ ਦਾ ਜਗ੍ਹਾ ਅਤੇ ਸਮਾਂ ਦੱਸਿਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਹਾਂਪੰਚਾਇਤ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਉੱਥੇ ਹੀ ਰਾਜਪਾਲ ਮਲਿਕ ਨੇ ਕਿਹਾ ਕਿ ਇਹ ਧੀਆਂ ਦੀ ਇੱਜ਼ਤ ਦਾ ਸਵਾਲ ਹੈ। ਉਨ੍ਹਾਂ ਕਿਹਾ, ”ਜਦੋਂ ਦਿੱਲੀ ਪੁਲਿਸ ਧੀਆਂ ਨੂੰ ਜੰਤਰ-ਮੰਤਰ ‘ਤੇ ਘੜੀਸ ਰਹੀ ਸੀ, ਤਾਂ ਉਨ੍ਹਾਂ ਦਾ ਖੂਨ ਖੌਲ ਰਿਹਾ ਸੀ। ਇਸੇ ਲਈ ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਵੱਖ-ਵੱਖ ਰਾਜਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਕਹਿਣਗੇ।” ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।