#CANADA

ਹੁਣ ਕੈਨੇਡਾ ਦੇ ਪੀ.ਐਮ. ਅਹੁਦੇ ਦੀ ਦੌੜ ‘ਚ ਸ਼ਾਮਲ ਰੂਬੀ ਢੱਲਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਣਾਇਆ ਨਿਸ਼ਾਨਾ

ਟੋਰਾਂਟੋ, 29 ਜਨਵਰੀ (ਪੰਜਾਬ ਮੇਲ)- ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਰੂਬੀ ਢੱਲਾ ਸੋਸ਼ਲ ਮੀਡੀਆ ਰਾਹੀਂ ਆਪਣੀ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾ ਰਹੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਐਕਸ ਹੈਂਡਲ ‘ਤੇ ਇੱਕ ਵੀਡੀਓ ਸੰਦੇਸ਼ ਕੈਨੇਡਾ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ। ਰੂਬੀ ਢੱਲਾ ਨੇ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇਗੀ, ਤਾਂ ਉਹ ਦੇਸ਼ ਤੋਂ ਹਰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਵੇਗੀ। ਹਾਲਾਂਕਿ, ਰੂਬੀ ਢੱਲਾ ਨੇ ਕਿਹਾ ਕਿ ਉਹ ਵੀ ਪ੍ਰਵਾਸੀਆਂ ਦੀ ਧੀ ਹੈ ਪਰ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰੇਗੀ।
ਰੂਬੀ ਢੱਲਾ ਨੇ ਕਿਹਾ, ”ਕੈਨੇਡਾ ਵਿਚ 5 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਹਨ। ਇਹ ਅਸਵੀਕਾਰਨਯੋਗ ਹੈ। ਪ੍ਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ, ਮੈਂ ਖੁਦ ਜਾਣਦੀ ਹਾਂ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿਚ ਮਦਦ ਕੀਤੀ ਹੈ, ਪਰ ਸਾਨੂੰ ਮਨੁੱਖੀ ਤਸਕਰੀ ਅਤੇ ਗੈਰ-ਕਾਨੂੰਨੀ ਤੌਰ ‘ਤੇ ਇੱਥੇ ਰਹਿਣ ਵਾਲਿਆਂ ‘ਤੇ ਸਖ਼ਤੀ ਕਰਨੀ ਚਾਹੀਦੀ ਹੈ। ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਕੈਨੇਡਾ ਵਿਚ ਮੌਜੂਦ ਹਰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਵਾਂਗੀ। ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ।’
ਢੱਲਾ ਨੇ ਐਕਸ ‘ਤੇ ਇੱਕ ਹੋਰ ਵੀਡੀਓ ਵਿਚ ਕਿਹਾ, ”ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਰੱਬ ਦਾ ਧੰਨਵਾਦ, ਮੈਂ ਤੁਹਾਡੇ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ। ਅਸੀਂ ਲਿਬਰਲ ਪਾਰਟੀ ਦੀ ਨੇਤਾ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਵਜੋਂ ਪਹਿਲੀ ਵੂਮਨ ਆਫ ਕਲਰ ਨੂੰ ਚੁਣ ਕੇ ਇਤਿਹਾਸ ਬਣਾਉਣ ਦੀ ਕਗਾਰ ‘ਤੇ ਹਾਂ।” ਇੱਥੇ ਦੱਸ ਦੇਈਏ ਕਿ ਢੱਲਾ ਪਹਿਲੀ ਵਾਰ 2004 ਵਿਚ ਬਰੈਂਪਟਨ-ਸਪਰਿੰਗਡੇਲ ਚੋਣ ਖੇਤਰ ਤੋਂ ਹਾਊਸ ਆਫ ਕਾਮਨਜ਼ ਲਈ ਚੁਣੀ ਗਈ ਸੀ। ਉਹ 2006 ਅਤੇ 2008 ਵਿਚ ਦੁਬਾਰਾ ਚੁਣੀ ਗਈ ਸੀ, ਪਰ 2011 ਵਿਚ ਹਾਰ ਗਈ ਸੀ ਅਤੇ 2015 ਵਿਚ ਜਦੋਂ ਲਿਬਰਲ ਬਹੁਮਤ ਨਾਲ ਸੱਤਾ ਵਿਚ ਆਈ, ਤਾਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ। 2004 ਦੀਆਂ ਸੰਘੀ ਚੋਣਾਂ ਵਿਚ ਉਨ੍ਹਾਂ ਦੀ ਜਿੱਤ ਨੇ ਉਨ੍ਹਾਂ ਨੂੰ, ਕੰਜ਼ਰਵੇਟਿਵ ਨੀਨਾ ਗਰੇਵਾਲ ਦੇ ਨਾਲ ਸਦਨ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਾ ਦਿੱਤਾ। ਢੱਲਾ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਮਾਡਲਿੰਗ ਦੀ ਦੁਨੀਆਂ ਵਿਚ ਵੀ ਕੰਮ ਕਰ ਚੁੱਕੀ ਹੈ।