#CANADA

ਹੁਣ ਕੈਨੇਡਾ ‘ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਕੈਨੇਡਾ, 26 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿੱਚ ਠੇਕਿਆਂ ਤੋਂ ਸ਼ਰਾਬ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਮਿਲਦੀਆਂ ਹਨ ਪਰ ਜਦੋਂ ਅਜਿਹੀ ਹੀ ਘਟਨਾ ਕੈਨੇਡਾ ਵਿੱਚ ਵਾਪਰੇ ਤਾਂ ਚਰਚਾ ਦਾ ਵਿਸ਼ਾ ਬਣਨਾ ਲਾਜ਼ਮੀ ਹੈ। ਜੀ ਹਾਂ, ਕੈਨੇਡਾ ਵਿੱਚ ਵੀ ਸ਼ਰਾਬ ਦੀ ਚੋਰੀ ਨਹੀਂ ਕੀਤੀ ਗਈ ਬਲਕਿ ਸ਼ਰੇਆਮ ਡਾਕਾ ਮਾਰਿਆ ਗਿਆ ਹੈ। ਲੁਟੇਰੇ ਠੇਕੇ ਤੋਂ ਸ਼ਰਾਬ ਦੇ ਬੈਗ ਭਰ ਕੇ ਲੈ ਗਏ। ਉਨ੍ਹਾਂ ਨਾਲ ਇੱਕ ਔਰਤ ਵੀ ਸੀ। ਦਰਅਸਲ ਕੈਨੇਡਾ ਵਿੱਚ ਦੋ ਪੁਰਸ਼ਾਂ ਤੇ ਇੱਕ ਮਹਿਲਾ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਲੰਘੇ ਦਿਨ ਤੋਂ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਦੋ ਪੁਰਸ਼ ਤੇ ਇੱਕ ਔਰਤ ਸ਼ਰਾਬ ਸਟੋਰ (ਠੇਕਾ) ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਚਰਚਾ ਹੈ ਕਿ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਸਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਵੀਡੀਓ ਮੁਤਾਬਕ ਤਿੰਨੇ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਅਦਾਇਗੀ ਕੀਤੇ ਜਬਰੀ ਲਿਜਾਣ ਲੱਗਦੇ ਹਨ ਤਾਂ ਉੱਥੇ ਖੜ੍ਹਾ ਇੱਕ ਗੋਰਾ ਗਾਹਕ ਉਨ੍ਹਾਂ ਦੋਵਾਂ ਪੁਰਸ਼ਾਂ ਨੂੰ ਘਸੁੰਨ ਮਾਰ ਕੇ ਰੋਕਣ ਦਾ ਯਤਨ ਕਰਦਾ ਹੈ। ਇਸ ਦੌਰਾਨ ਔਰਤ ਭਰੇ ਹੋਏ ਬੈਗ ਸਟੋਰ ’ਚੋਂ ਬਾਹਰ ਲਿਜਾਂਦੀ ਵਿਖਾਈ ਦਿੰਦੀ ਹੈ ਤੇ ਸਟੋਰ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇਣ ਲਈ ਆਖਦਾ ਹੈ।

ਵੀਡੀਓ ’ਚ ਦਿਖਾਈ ਦੇ ਰਹੇ ਤਿੰਨੋਂ ਜਣੇ ਹਰਕਤਾਂ ਤੋਂ ਦੱਖਣ ਏਸ਼ਿਆਈ ਲੱਗਦੇ ਹਨ, ਜਦਕਿ ਵੀਡੀਓ ’ਤੇ ਟਿੱਪਣੀਆਂ ਕਰਨ ਵਾਲਿਆਂ ’ਚੋਂ ਕੁਝ ਉਨ੍ਹਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ। ਲਿੱਕਰ ਕੰਟਰੋਲ ਬੋਰਡ ਓਂਟਾਰੀਓ ਦੇ ਲੇਬਲ ਵਾਲਾ ਉਕਤ ਠੇਕਾ ਟੋਰਾਂਟੋ ਵਿੱਚ ਦੱਸਿਆ ਜਾ ਰਿਹਾ ਹੈ ਪਰ ਟੋਰਾਂਟੋ ਪੁਲਿਸ ਨੇ ਇਸ ਬਾਰੇ ਚੁੱਪ ਸਾਧੀ ਹੋਈ ਹੈ।

ਓਂਟਾਰੀਓ ’ਚ ਸ਼ਰਾਬ ਵਿਕਰੀ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ (ਠੇਕਿਆਂ) ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ। ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕੈਮਰਿਆਂ ਚੋਂ ਲਈ ਗਈ ਹੈ।