#PUNJAB

ਹੁਣ ਆਮ ਆਦਮੀ ਵੀ ਸ਼ਿਕਾਇਤਾਂ ਲੈ ਕੇ ਅਕਾਲ ਤਖ਼ਤ ਪੁੱਜਣ ਲੱਗੇ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਅਕਾਲ ਤਖ਼ਤ ‘ਤੇ ਵਿਚਾਰ ਅਧੀਨ ਮਾਮਲੇ ਵਿਚ ਸਿਆਸੀ ਆਗੂਆਂ ਤੋਂ ਬਾਅਦ ਹੁਣ ਆਮ ਆਦਮੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਖ਼ਿਲਾਫ਼ ਸ਼ਿਕਾਇਤਾਂ ਲੈ ਕੇ ਪੁੱਜ ਰਹੇ ਹਨ। ਅੱਜ ਇੱਥੇ ਅਕਾਲ ਤਖ਼ਤ ਵਿਖੇ ਪਟਵਾਰੀ ਯੂਨੀਅਨ ਦਾ ਸਾਬਕਾ ਪ੍ਰਧਾਨ ਅਕਾਲੀ ਸਰਕਾਰ ਦੇ ਖ਼ਿਲਾਫ਼ ਸ਼ਿਕਾਇਤ ਲੈ ਕੇ ਪੁੱਜਾ ਹੈ, ਜਿਸ ਨੇ ਉਸ ਨਾਲ ਹੋਈ ਵਧੀਕੀ ਦੇ ਮਾਮਲੇ ਵਿੱਚ ਉਸ ਵੇਲੇ ਦੇ ਕੈਬਨਿਟ ਮੰਤਰੀਆਂ ਅਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੋਹਨ ਸਿੰਘ ਭੇਡਪੁਰ ਨੇ ਦੱਸਿਆ ਕਿ ਉਹ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਹੈ। ਉਸ ਦੇ ਨਾਲ 2012 ਵਿਚ ਵਧੀਕੀ ਹੋਈ ਸੀ। ਉਸ ਵੇਲੇ ਦੇ ਐੱਸ.ਐੱਸ.ਪੀ. ਵਿਜੀਲੈਂਸ ਵੱਲੋਂ ਆਪਣੇ ਦੂਜੇ ਸਾਥੀ ਐੱਸ.ਐੱਸ.ਪੀ. ਵਿਜੀਲੈਂਸ ਨਾਲ ਮਿਲ ਕੇ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ, ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ, ਉਸ ਦੇ ਕਕਾਰ ਉਤਰਵਾਏ ਗਏ ਅਤੇ ਉਸ ਨੂੰ ਨੰਗਾ ਕਰਕੇ ਵੀਡੀਓ ਬਣਾਈ ਗਈ।
ਉਹ ਅੰਮ੍ਰਿਤਧਾਰੀ ਹੈ ਅਤੇ ਉਸ ਨੇ ਇਸ ਸਬੰਧ ਵਿਚ ਅਕਾਲ ਤਖ਼ਤ ਵਿਖੇ ਸ਼ਿਕਾਇਤ ਕੀਤੀ ਸੀ, ਜਿਸ ਦੀ 2013 ਵਿਚ ਜਾਂਚ ਕੀਤੀ ਕਰਵਾਈ ਗਈ। ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਵੱਲੋਂ ਸਬੰਧਤ ਪੁਲਿਸ ਅਧਿਕਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਵੇਲੇ ਦੇ ਉਪ ਮੁੱਖ ਮੰਤਰੀ ਨੇ ਕਾਰਵਾਈ ਕਰਨ ਦੀ ਥਾਂ ਉਸ ਨੂੰ ਇੱਕ ਹੋਰ ਜ਼ਿਲ੍ਹੇ ਦਾ ਐੱਸ.ਐੱਸ.ਪੀ. ਲਾ ਦਿੱਤਾ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਪੱਤਰ ਸਕੱਤਰੇਤ ਵਿਖੇ ਦਿੱਤਾ ਹੈ।
ਇਸ ਤੋਂ ਪਹਿਲਾਂ ਕੱਲ੍ਹ ਪਰਮਜੀਤ ਸਿੰਘ ਸਰਨਾ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਤੋਂ ਹੋਰ ਵਿਅਕਤੀ ਵੀ ਅਕਾਲ ਤਖਤ ਵਿਖੇ ਸ਼ਿਕਾਇਤ ਪੱਤਰ ਦੇ ਚੁੱਕੇ ਹਨ।