-ਅੱਗ ਲੱਗਣ ਕਾਰਨ ਫਲਾਈਟਾਂ ਕੀਤੀਆਂ ਗਈਆਂ ਸੀ ਰੱਦ
ਲੰਡਨ, 22 ਮਾਰਚ (ਪੰਜਾਬ ਮੇਲ)- ਇਕ ਬਿਜਲੀ ਕੇਂਦਰ ‘ਚ ਅੱਗ ਲੱਗ ਜਾਣ ਕਾਰਨ ਕਰੀਬ 18 ਘੰਟਿਆਂ ਤੱਕ ਉਡਾਣਾਂ ਬੰਦ ਰਹਿਣ ਮਗਰੋਂ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਏਅਰ ਇੰਡੀਆ, ਵਰਜਿਨ ਅਟਲਾਂਟਿਕ ਤੇ ਬ੍ਰਿਟਿਸ਼ ਏਅਰਵੇਜ਼ ਨੇ ਸ਼ਨੀਵਾਰ ਨੂੰ ਦਿੱਲੀ ਉਡਾਨ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਨੂੰ ਇਹ ਉਡਾਣਾਂ ਬਹਾਲ ਹੋਈਆਂ।
ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ, ਬ੍ਰਿਟਿਸ਼ ਏਅਰਵੇਜ਼ ਤੇ ਵਰਜਿਨ ਅਟਲਾਂਟਿਕ ਨੇ ਸ਼ਨੀਵਾਰ ਸਵੇਰੇ ਹੀਥਰੋ ਏਅਰਪੋਰਟ ਲਈ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਹੀਥਰੋ ਏਅਰਪੋਰਟ ਲਈ ਰੋਜ਼ਾਨਾਂ 6 ਫਲਾਈਟਾਂ ਉਡਾਣ ਭਰਦੀਆਂ ਹਨ, ਜਦਕਿ ਭਾਰਤ ਤੇ ਹੀਥਰੋ ਏਅਰਪੋਰਟ ਵਿਚਾਲੇ ਬ੍ਰਿਟਿਸ਼ ਏਅਰਵੇਜ਼ ਦੀਆਂ ਰੋਜ਼ਾਨਾਂ 8 ਫਲਾਈਟਾਂ ਉਡਾਣ ਭਰਦੀਆਂ ਹਨ। ਇਸ ਤੋਂ ਇਲਾਵਾ ਵਰਜਿਨ ਅਟਲਾਂਟਿਕ ਦੀਆਂ ਦਿੱਲੀ, ਮੁੰਬਈ ਤੇ ਬੰਗਲੁਰੂ ਤੋਂ ਹੀਥਰੋ ਏਅਰਪੋਰਟ ਲਈ ਰੋਜ਼ਾਨਾ 5 ਫਲਾਈਟਾਂ ਉੱਡਦੀਆਂ ਹਨ।
ਹੀਥਰੋ ਏਅਰਪੋਰਟ ਨੇ ਵੀ ਆਪਣੇ ‘ਐਕਸ’ ਅਕਾਊਂਟ ‘ਤੇ ਸ਼ਨੀਵਾਰ ਨੂੰ ਪੋਸਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਉਡਾਣਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ ਤੇ ਹਵਾਈ ਅੱਡਾ ਹੁਣ ਪੂਰੀ ਤਰ੍ਹਾਂ ਨਾਲ ਚਾਲੂ ਹੋ ਗਿਆ ਹੈ।
ਹੀਥਰੋ ਏਅਰਪੋਰਟ ਤੋਂ ਉਡਾਣਾਂ ਮੁੜ ਹੋਈਆਂ ਬਹਾਲ
