#AMERICA

ਹਿਊਸਟਨ ‘ਚ ਇਕ 11 ਸਾਲਾ ਮੁੰਡੇ ਦਾ ਗੋਲੀ ਮਾਰ ਕੇ ਕਤਲ

ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਵਿਚ ‘ਡੋਰਬੈੱਲ ਡਿੱਚ ਪਰੈਂਕ’ ਖੇਡ ਰਹੇ ਇੱਕ 11 ਸਾਲਾ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਇਹ ਟਿਕਟਾਕ ਰੁਝਾਨ ਦੀ ਤਾਜ਼ਾ ਮਿਸਾਲ ਹੈ, ਜਿਸ ਵਿਰੁੱਧ ਪੁਲਿਸ ਮਾਪਿਆਂ ਨੂੰ ਹਮੇਸ਼ਾਂ ਚੌਕਸ ਰਹਿਣ ਦੀ ਸਲਾਹ ਦਿੰਦੀ ਆਈ ਹੈ। ਹਿਊਸਟਨ ਪੁਲਿਸ ਨੇ ਕਿਹਾ ਹੈ ਕਿ ਮੁੰਡਾ ਆਪਣੇ ਦੋਸਤਾਂ ਨਾਲ ਇਕ ਘਰ ਵਿਚ ਇੱਕ ਖੇਡ ”ਡਿੰਗ ਡਾਂਗ ਡਿੱਚ” ਖੇਡ ਰਿਹਾ ਸੀ, ਜਦੋਂ ਇੱਕ ਵਿਅਕਤੀ ਘਰ ਵਿਚ ਦਾਖਲ ਹੋਇਆ ਤੇ ਉਸ ਨੇ ਮੁੰਡੇ ਨੂੰ ਗੋਲੀ ਮਾਰ ਦਿੱਤੀ। ਮੌਕੇ ਦੇ ਇਕ ਗਵਾਹ ਅਨੁਸਾਰ ਮੁੰਡਾ ਇਕ ਘਰ ਦੀ ਘੰਟੀ ਵਜਾ ਕੇ ਭੱਜਾ ਸੀ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰੀ ਗਈ। ਪੁਲਿਸ ਅਨੁਸਾਰ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਿਆ।