ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਦੇ ਰੀਗਨ ਨੈਸ਼ਨਲ ਏਅਰਪੋਰਟ ਨੇੜੇ ਹਾਦਸਾਗ੍ਰਸਤ ਹੋਏ ਸੀ.ਆਰ.ਜੇ. 700 ਜੈੱਟ ਫਲਾਈਟ ਦਾ ਬਲੈਕ ਬਾਕਸ ਪੋਟੋਮੈਕ ਨਦੀ ਵਿਚੋਂ ਮਿਲ ਗਿਆ ਹੈ। ਸੀ.ਐੱਨ.ਐੱਨ ਨੇ ਵੀਰਵਾਰ ਨੂੰ ਡੈਮੋਕ੍ਰੇਟਿਕ ਸੈਨੇਟਰ ਮਾਰੀਆ ਕੈਂਟਵੈਲ ਦੇ ਦਫਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੇਰ ਰਾਤ ਵਾਸ਼ਿੰਗਟਨ ਡੀ.ਸੀ. ਦੇ ਰੀਗਨ ਨੈਸ਼ਨਲ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ 64 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਖੇਤਰੀ ਯਾਤਰੀ ਜਹਾਜ਼ ਇੱਕ ਅਮਰੀਕੀ ਫੌਜੀ ਹੈਲੀਕਾਪਟਰ ਨਾਲ ਟਕਰਾ ਗਿਆ। ਫੌਜੀ ਹੈਲੀਕਾਪਟਰ ਵਿਚ ਤਿੰਨ ਲੋਕ ਸਵਾਰ ਸਨ, ਜਦੋਂ ਕਿ ਜਹਾਜ਼ ਵਿਚ 60 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸਵਾਰ ਸਨ।
ਜ਼ਿਕਰਯੋਗ ਹੈ ਕਿ ਹਵਾ ਵਿਚ ਟਕਰਾਉਣ ਤੋਂ ਬਾਅਦ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿਚ ਡਿੱਗ ਗਏ। ਇੱਥੋਂ ਹੁਣ ਤੱਕ ਲਗਭਗ 28 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਹਾਜ਼ ਵਿਚ ਚੀਨ, ਰੂਸ ਆਦਿ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਤੋਂ ਫਲਾਈਟ ਡੇਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਦੋਵਾਂ ਨੂੰ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਪ੍ਰਯੋਗਸ਼ਾਲਾ ਵਿਚ ਲਿਜਾਇਆ ਗਿਆ ਹੈ।
ਹਾਦਸਾਗ੍ਰਸਤ ਅਮਰੀਕੀ ਜਹਾਜ਼ ਦਾ ਮਿਲਿਆ ਬਲੈਕ ਬਾਕਸ
