ਲਖਨਊ, 2 ਜੁਲਾਈ (ਪੰਜਾਬ ਮੇਲ)- ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਮਚ ਗਈ ਜਿਸ ਕਾਰਨ 30 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਪਰ ਇਸ ਸਬੰਧੀ ਹਾਲੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਇਸ ਦੌਰਾਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਇਹ ਪਤਾ ਲੱਗਿਆ ਹੈ ਕਿ ਜਿੱਥੇ ਸਤਿਸੰਗ ਹੋ ਰਿਹਾ ਸੀ ਉਥੇ ਦਾ ਹਾਲ ਤੇ ਗੇਟ ਛੋਟਾ ਸੀ। ਇਸ ਵਿਚੋਂ ਪਹਿਲਾਂ ਨਿਕਲਣ ਦੀ ਦੌੜ ਕਾਰਨ ਭਗਦੜ ਮਚ ਗਈ ਤੇ ਲੋਕ ਇਕ ਦੂਜੇ ’ਤੇ ਡਿੱਗ ਗਏ ਤੇ ਪਿੱਛੇ ਵਾਲੇ ਲੋਕ ਉਨ੍ਹਾਂ ਉਪਰੋਂ ਲੰਘ ਗਏ। ਇਥੇ ਮੌਜੂਦ ਲੋਕਾਂ ਅਨੁਸਾਰ ਅਚਾਨਕ ਹੀ ਸ਼ਰਧਾਲੂਆਂ ਦੀ ਭੀੜ ਬੇਕਾਬੂ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ।