#OTHERS

ਹਾਂਗਕਾਂਗ ‘ਚ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ 128 ਲੋਕਾਂ ਦੀ ਮੌਤ; ਕਈ ਅਜੇ ਵੀ ਲਾਪਤਾ

ਹਾਂਗਕਾਂਗ, 28 ਨਵੰਬਰ (ਪੰਜਾਬ ਮੇਲ)-ਹਾਂਗਕਾਂਗ ਵਿਚ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿਚ ਫਾਇਰ ਫਾਈਟਰ ਅਜੇ ਵੀ ਪੀੜਤਾਂ ਦੀ ਭਾਲ ਕਰ ਰਹੇ ਹਨ। ਕੰਪਲੈਕਸ ਦੀਆਂ 8 ਇਮਾਰਤਾਂ ਵਿਚੋਂ 7 ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਘੱਟੋ-ਘੱਟ 128 ਲੋਕ ਮਾਰੇ ਗਏ। ਹਾਂਗਕਾਂਗ ਫਾਇਰ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਡੇਰੇਕ ਆਰਮਸਟ੍ਰਾਂਗ ਚੈਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਮਾਰਤਾਂ ਵਿਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ। ਪੀੜਤਾਂ ਦੀ ਭਾਲ ਅਜੇ ਵੀ ਜਾਰੀ ਹੈ।
ਰਿਪੋਰਟਾਂ ਅਨੁਸਾਰ, ਬੁੱਧਵਾਰ ਨੂੰ ਵਾਂਗ ਫੁਕ ਕੋਰਟ ਕੰਪਲੈਕਸ ਦੀਆਂ 8 ਇਮਾਰਤਾਂ ਵਿਚੋਂ ਇੱਕ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲੀਆਂ, ਜਿਸ ਨਾਲ 7 ਇਮਾਰਤਾਂ ਇਸ ਦੀ ਲਪੇਟ ਵਿਚ ਆ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਇਮਾਰਤਾਂ ਵਿਚ ਪੀੜਤਾਂ ਦੀ ਭਾਲ ਸ਼ੁੱਕਰਵਾਰ ਤੱਕ ਪੂਰੀ ਹੋ ਸਕਦੀ ਹੈ, ਜਿਸ ਤੋਂ ਬਾਅਦ ਇਹ ਬਚਾਅ ਕਾਰਜ ਬੰਦ ਕਰ ਦਿੱਤਾ ਜਾਵੇਗਾ। ਚੈਨ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਅਸਲ ਗਿਣਤੀ ਖੋਜ ਅਤੇ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਪੁਲਿਸ ਨੇ ਦੱਸਿਆ ਕਿ ਇੱਕ ਉਸਾਰੀ ਕੰਪਨੀ ਦੇ ਡਾਇਰੈਕਟਰ ਅਤੇ ਇੱਕ ਇੰਜੀਨੀਅਰਿੰਗ ਸਲਾਹਕਾਰ ਸਮੇਤ ਕੁੱਲ 3 ਲੋਕਾਂ ਨੂੰ ਗੈਰ-ਇਰਾਦਤਨ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।