ਭਾਰਤ ‘ਚ 21 ਲੱਖ ਤੇ ਚੀਨ ‘ਚ 23 ਲੱਖ ਲੋਕਾਂ ਦੀ ਗਈ ਸੀ ਜਾਨ
-ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ‘ਚ ਖੁਲਾਸਾ
ਨਵੀਂ ਦਿੱਲੀ, 20 ਜੂਨ (ਪੰਜਾਬ ਮੇਲ)- ਹਵਾ ਪ੍ਰਦੂਸ਼ਣ ਕਾਰਨ ਸਾਲ 2021 ‘ਚ ਪੂਰੀ ਦੁਨੀਆਂ ‘ਚ 81 ਲੱਖ ਲੋਕਾਂ ਦੀ ਮੌਤ ਹੋਈ ਸੀ। ਇਹ ਦਾਅਵਾ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ‘ਚ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਉਕਤ ਸਮੇਂ ਦੌਰਾਨ ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ 21 ਲੱਖ ਤੇ ਚੀਨ ਵਿਚ 23 ਲੱਖ ਲੋਕਾਂ ਦੀ ਜਾਨ ਗਈ ਸੀ। ਯੂਨੀਸੈੱਫ ਨਾਲ ਭਾਈਵਾਲੀ ਵਾਲੇ ਅਮਰੀਕਾ ਆਧਾਰਿਤ ਆਜ਼ਾਦਾਨਾ ਤੌਰ ‘ਤੇ ਖੋਜ ਕਰਨ ਵਾਲੇ ਸੰਗਠਨ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ‘ਚ ਕਿਹਾ ਗਿਆ ਕਿ ਹਵਾ ਪ੍ਰਦੂਸ਼ਣ ਕਾਰਨ 2021 ‘ਚ ਭਾਰਤ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋਈ। ਇਸ ਤੋਂ ਬਾਅਦ ਨਾਇਜੀਰੀਆ ‘ਚ 1,14,100, ਪਾਕਿਸਤਾਨ ‘ਚ 68,100, ਇਥੋਪੀਆ ‘ਚ 31,100 ਅਤੇ ਬੰਗਲਾਦੇਸ਼ ‘ਚ 19,100 ਬੱਚਿਆਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋਈ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਦੱਖਣੀ ਏਸ਼ੀਆ ‘ਚ ਹਵਾ ਪ੍ਰਦੂਸ਼ਣ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਤੋਂ ਬਾਅਦ ਖੂਨ ਦੇ ਉੱਚ ਦਬਾਅ, ਖੁਰਾਕ ਤੇ ਤੰਬਾਕੂ ਦਾ ਸੇਵਨ ਮੌਤ ਦੇ ਮੁੱਖ ਕਾਰਨ ਹਨ। ਰਿਪੋਰਟ ਮੁਤਾਬਕ 2021 ਵਿਚ ਹੋਈਆਂ ਮੌਤਾਂ ਦੀ ਗਿਣਤੀ ਕਿਸੇ ਵੀ ਪਿਛਲੇ ਸਾਲ ਦੇ ਅਨੁਮਾਨ ਨਾਲੋਂ ਵੱਧ ਸੀ। ਭਾਰਤ (21 ਲੱਖ ਮੌਤਾਂ) ਅਤੇ ਚੀਨ (23 ਲੱਖ ਮੌਤਾਂ) ਵਿਚ ਮੌਤ ਦੇ ਮਾਮਲੇ ਪੂਰੀ ਦੁਨੀਆਂ ਦੇ ਮੁਕਾਬਲੇ 54 ਫ਼ੀਸਦੀ ਵੱਧ ਸਨ। ਰਿਪੋਰਟ ਅਨੁਸਾਰ ਦੱਖਣੀ ਏਸ਼ੀਆ ‘ਚ ਹਵਾ ਪ੍ਰਦੂਸ਼ਣ ਦੇ ਵੱਧ ਪ੍ਰਭਾਵ ਵਾਲੇ ਮੁਲਕਾਂ ‘ਚ ਪਾਕਿਸਤਾਨ (2,56,000 ਮੌਤਾਂ), ਬੰਗਲਾਦੇਸ਼ (2,36,300) ਅਤੇ ਮਿਆਂਮਾਰ (1,01,600 ਮੌਤਾਂ), ਜਦਕਿ ਦੱਖਣ-ਪੂਰਬੀ ਏਸ਼ੀਆ ‘ਚੋਂ ਇੰਡੋਨੇਸ਼ੀਆ (2,21,600 ਮੌਤਾਂ), ਵੀਅਤਨਾਮ (99,700 ਮੌਤਾਂ) ਅਤੇ ਫਿਲਪੀਨਜ਼ (98,209 ਮੌਤਾਂ) ਤੋਂ ਇਲਾਵਾ ਅਫਰੀਕਾ ਵਿਚ ਨਾਇਜੀਰੀਆ (2,06,700 ਮੌਤਾਂ) ਅਤੇ ਮਿਸਰ (1,16,500 ਮੌਤਾਂ) ਸ਼ਾਮਲ ਹਨ।