#INDIA

ਹਰਿਆਣਾ ਸਰਕਾਰ ਦੇ ਮੰਤਰੀ ਮੰਡਲ ‘ਚ ਹੋਇਆ ਵਾਧਾ

– ਇਕ ਨੇ ਕੈਬਨਿਟ ਤੇ 7 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ
-ਅਨਿਲ ਵਿੱਜ ਸਣੇ 4 ਪੁਰਾਣੇ ਮੰਤਰੀਆਂ ਨੂੰ ਕੀਤਾ ਬਾਹਰ
ਚੰਡੀਗੜ੍ਹ, 19 ਮਾਰਚ (ਪੰਜਾਬ ਮੇਲ)- ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕ ਹਫ਼ਤੇ ਬਾਅਦ ਆਪਣੇ ਮੰਤਰੀ ਮੰਡਲ ਵਿੱਚ ਦੂਜਾ ਵਾਧਾ ਕਰਦਿਆਂ 8 ਜਣਿਆਂ ਨੂੰ ਮੰਤਰੀ ਬਣਾਇਆ ਹੈ। ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੈਅ ਨੇ ਚੰਡੀਗੜ੍ਹ ਵਿਖੇ ਸਥਿਤ ਹਰਿਆਣਾ ਰਾਜ ਭਵਨ ਵਿਖੇ ਇਕ ਨੂੰ ਕੈਬਨਿਟ ਮੰਤਰੀ ਅਤੇ 7 ਨੂੰ ਰਾਜ ਮੰਤਰੀ ਦੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਵਿੱਚ ਵਿਧਾਨ ਸਭਾ ਹਲਕਾ ਹਿਸਾਰ ਤੋਂ ਵਿਧਾਇਕ ਡਾa ਕਮਲ ਗੁਪਤਾ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਜਦੋਂ ਕਿ ਬੜਖਲ ਤੋਂ ਵਿਧਾਇਕ ਸੀਮਾ ਤ੍ਰਿਖਾ, ਪਾਣੀਪਤ ਤੋਂ ਵਿਧਾਇਕ ਮਹਿਪਾਲ ਢਾਂਡਾ, ਅੰਬਾਲਾ ਤੋਂ ਵਿਧਾਇਕ ਅਸੀਮ ਗੋਇਲ, ਨਾਗਲ ਚੌਧਰੀ ਤੋਂ ਵਿਧਾਇਕ ਅਭੈ ਸਿੰਘ ਯਾਦਵ, ਕੁਰੂਕਸ਼ੇਤਰ ਤੋਂ ਵਿਧਾਇਕ ਸੁਭਾਸ਼ ਸੁਧਾ, ਬਨਾਵੀ ਖੇੜਾ ਤੋਂ ਵਿਧਾਇਕ ਬਿਸ਼ੰਬਰ ਬਾਲਮੀਕੀ ਅਤੇ ਸੋਨਾ ਤੋਂ ਵਿਧਾਇਕ ਸੰਜੈ ਸਿੰਘ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਵੀਂ ਕੈਬਨਿਟ ਵਿੱਚੋਂ ਅਨਿਲ ਵਿੱਜ ਸਣੇ 4 ਪੁਰਾਣੇ ਮੰਤਰੀਆਂ ਨੂੰ ਬਾਹਰ ਕਰ ਦਿੱਤਾ ਹੈ। ਇਸ ਵਿੱਚ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਨਾਲ ਓਮ ਪ੍ਰਕਾਸ਼ ਯਾਦਵ, ਕਮਲੇਸ਼ ਢਾਂਡਾ ਅਤੇ ਸੰਦੀਪ ਸਿੰਘ ਦੇ ਨਾਮ ਸ਼ਾਮਲ ਹਨ।