-ਗੀਤ ‘ਟਟੀਹਰੀ’ ਵਿਚਲੇ ਬੋਲਾਂ ਤੇ ਦ੍ਰਿਸ਼ ਫਿਲਮਾਉਣ ਨੂੰ ਲੈ ਕੇ ਗਾਇਕ ਬਾਦਸ਼ਾਹ ਦੀਆਂ ਵਧੀਆਂ ਮੁਸ਼ਕਲਾਂ
ਚੰਡੀਗੜ੍ਹ, 13 ਮਾਰਚ (ਪੰਜਾਬ ਮੇਲ)- ‘ਟਟੀਹਰੀ’ ਗੀਤ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਬੌਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਅਸਲ ਵਿਚ ਬਾਦਸ਼ਾਹ ਨੂੰ ਸ਼ੁੱਕਰਵਾਰ ਵਾਲੇ ਦਿਨ ਪਾਣੀਪਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ। ਉਨ੍ਹਾਂ ਦੇ ਵਕੀਲਾਂ ਨੇ ਕਮਿਸ਼ਨ ਅੱਗੇ ਇਹ ਦਲੀਲ ਦਿੱਤੀ ਕਿ ਬਾਦਸ਼ਾਹ ਆਪਣੇ ਕਿਸੇ ਜ਼ਰੂਰੀ ਕੰਮ ਵਿਚ ਰੁੱਝੇ ਹੋਏ ਹਨ, ਜਿਸ ਕਰਕੇ ਉਹ ਨਹੀਂ ਆ ਸਕੇ ਅਤੇ ਉਨ੍ਹਾਂ ਨੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ।
ਬਾਦਸ਼ਾਹ ਦੇ ਪੇਸ਼ ਨਾ ਹੋਣ ਕਰਕੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਣੂ ਭਾਟੀਆ ਕਾਫੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਏ, ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦੋਂ 3 ਵਜੇ ਫਿਰ ਤੋਂ ਵਕੀਲਾਂ ਨੇ ਆ ਕੇ ਸਮਾਂ ਮੰਗਿਆ, ਤਾਂ ਕਮਿਸ਼ਨ ਦੀ ਪ੍ਰਧਾਨ ਨੇ ਤੁਰੰਤ ਪੰਚਕੂਲਾ ਅਤੇ ਪਾਣੀਪਤ ਦੇ ਐੱਸ.ਪੀ. ਨੂੰ ਬਾਦਸ਼ਾਹ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦੇ ਦਿੱਤੇ, ਤਾਂ ਕਿ ਉਹ ਦੇਸ਼ ਛੱਡ ਕੇ ਨਾ ਜਾ ਸਕਣ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਲਈ ਹੁਣ ਕਮਿਸ਼ਨ ਸਖ਼ਤੀ ਵਰਤਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਸਾਰਾ ਮਾਮਲਾ ਟਟੀਹਰੀ ਗੀਤ ਦੇ ਇਤਰਾਜ਼ਯੋਗ ਬੋਲਾਂ ਅਤੇ ਵੀਡੀਓ ਵਿਚ ਕੁੜੀਆਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਮਹਿਲਾ ਕਮਿਸ਼ਨ ਨੇ 6 ਮਾਰਚ ਨੂੰ ਨੋਟਿਸ ਭੇਜ ਕੇ ਬਾਦਸ਼ਾਹ ਨੂੰ ਪਾਣੀਪਤ ਐੱਸ.ਪੀ. ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਸੀ। ਹਾਲਾਂਕਿ ਬਾਦਸ਼ਾਹ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਕਮਿਸ਼ਨ ਨੇ ਹੁਣ ਸਿੱਧੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਹਨ।
ਹਰਿਆਣਾ ਮਹਿਲਾ ਕਮਿਸ਼ਨ ਵੱਲੋਂ ਬੌਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ

