#INDIA

ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ! ਕਿਸਾਨ ਲੀਡਰਾਂ ‘ਤੇ ਲੱਗੇਗਾ NSA, ਜ਼ਮੀਨਾਂ ਹੋਣਗੀਆਂ ਕੁਰਕ

ਹਰਿਆਣਾ, 23 ਫ਼ਰਵਰੀ (ਪੰਜਾਬ ਮੇਲ)- ਹਰਿਆਣਾ ਪੁਲਿਸ ਨੇ ਹੁਣ ਕਿਸਾਨ ਲੀਡਰਾਂ ਖਿਲਾਫ ਸਖਤ ਐਕਸ਼ਨ ਲਿਆ ਹੈ। ਹਰਿਆਣਾ ਪੁਲਿਸ ਨੇ ਅੰਦੋਲਨਕਾਰੀ ਕਿਸਾਨ ਲੀਡਰਾਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਪੁਲਿਸ ਨੇ ਕਿਹਾ ਹੈ ਕਿ ਧਰਨੇ ਦੌਰਾਨ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਵੀ ਅੰਦੋਲਨਕਾਰੀ ਕਿਸਾਨ ਆਗੂਆਂ ਤੋਂ ਹੀ ਕਰਵਾਈ ਜਾਵੇਗੀ। ਇਸ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ ਤੇ ਬੈਂਕ ਖਾਤੇ ਜ਼ਬਤ ਕੀਤੇ ਜਾ ਰਹੇ ਹਨ।

ਉਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬੀਤੀ ਸ਼ਾਮ ਦੋਵਾਂ ਮੰਚਾਂ (ਐਸਕੇਐਮ ਗੈਰ-ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ) ਦੀ ਮੀਟਿੰਗ ਹੋਈ। ਇਹ ਸੁਣ ਕੇ ਹੈਰਾਨੀ ਹੋਈ ਕਿ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਪੰਜਾਬ ਦੀ ਹੱਦ ਅੰਦਰ ਆ ਕੇ ਬਰਬਰਤਾ ਕੀਤੀ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈਆਂ ਮਿਲਾਈਆਂ ਗਈਆਂ ਤੇ ਮੈਡੀਕਲ ਸਾਮਾਨ ਵੀ ਲੁੱਟਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਖਨੌਰੀ ਸਰਹੱਦ ਤੋਂ ਲਾਪਤਾ ਨੌਜਵਾਨ ਰੋਹਤਕ ਪੀਜੀਆਈ ਤੋਂ ਮਿਲਿਆ। ਇੰਨਾ ਹੀ ਨਹੀਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਦਰਅਸਲ ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਗੋਲੀ ਲੱਗਣ ਸਮੇਤ ਸ਼ੰਭੂ ਤੇ ਖਨੌਰੀ ਵਿੱਚ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ’ਚ ਦਾਖਲ ਹੋ ਕੇ ਕਿਸਾਨਾਂ ਦੀ ਕੁੱਟਮਾਰ ਤੇ ਟਰੈਕਟਰਾਂ ਦੀ ਭੰਨਤੋੜ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਿਸਾਨ ਨੇਤਾਵਾਂ ਨੇ ਇਸ ਨੂੰ ਗੈਰਸੰਵਿਧਾਨਕ, ਗੈਰ ਜਮਹੂਰੀ ਤੇ ਅਪਰਾਧਿਕ ਘਟਨਾ ਗਰਦਾਨਿਆ ਹੈ।

ਦਿੱਲੀ ਕੂਚ ਤਹਿਤ ਸ਼ੰਭੂ ਤੇ ਖਨੌਰੀ ਵਿਚ ਕਿਸਾਨ ਧਰਨਿਆਂ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਤੇ ਸੁਰਜੀਤ ਸਿੰਘ ਫੂਲ ਨੇ ਇਸ ਘਟਨਾ ਦੇ ਰੋਸ ਵਜੋਂ ਸਮੁੱਚੀ ਲੋਕਾਈ, ਖਾਸ ਕਰਕੇ ਪੰਜਾਬੀਆਂ ਨੂੰ ਅੱਜ ਤੋਂ ਹੀ ਆਪਣੇ ਘਰਾਂ, ਦੁਕਾਨਾਂ, ਕਾਰੋਬਾਰੀ ਸਥਾਨਾਂ ਸਮੇਤ ਵਾਹਨਾਂ ’ਤੇ ਕਾਲੇ ਝੰਡੇ ਲਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਕਰਕੇ 21 ਫਰਵਰੀ ਦਾ ਦਿਨ ਇਤਿਹਾਸ ’ਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।