ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਹਰਿਆਣਾ ਦੇ 24 ‘ਚੋਂ 15 ਸ਼ਹਿਰ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ‘ਚ ਪੀ.ਐੱਮ. 2.5 ਦੇ ਪੱਧਰ ਦੇ ਆਧਾਰ ‘ਤੇ ਮੁਲਕ ਦੇ 100 ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਹਨ। ਪ੍ਰਦੂਸ਼ਣ ‘ਤੇ ਇਕ ਨਵੇਂ ਅਧਿਐਨ ‘ਚ ਇਸ ਦਾ ਖ਼ੁਲਾਸਾ ਹੋਇਆ ਹੈ। ਹਵਾ ਗੁਣਵੱਤਾ ਪੈਮਾਨੇ ਨਾਲ ਸਬੰਧਤ ਕੌਮੀ ਸੰਸਥਾ (ਐੱਨ.ਏ.ਏ.ਕਿਊ.ਐੱਸ.) ਮੁਤਾਬਕ ਪੀ.ਐੱਮ. 2.5 ਅਤੇ ਪੀ.ਐੱਮ. 10 ਦੇ ਸਾਲਾਨਾ ਪੱਧਰ ਦੀ ਸੁਰੱਖਿਅਤ ਹੱਦ ਕ੍ਰਮਵਾਰ 40 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ 60 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਉਂਜ ਇਹ ਹੱਦ ਆਲਮੀ ਸਿਹਤ ਸੰਗਠਨ (ਡਬਲਯੂ.ਐੱਚ.ਓ). ਦੇ 2021 ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਹੁਤ ਵਧ ਹੈ, ਜੋ ਪੀ.ਐੱਮ. 2.5 ਲਈ ਪੰਜ ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ ਪੀ.ਐੱਮ. 10 ਲਈ 15 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੀ ਸਿਫਾਰਿਸ਼ ਕਰਦੇ ਹਨ। ਜਨਵਰੀ ਤੋਂ ਜੂਨ ਤੱਕ ਦੇ ਹਵਾ ਗੁਣਵੱਤਾ ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਹਰਿਆਣਾ ਦੇ ਹਰੇਕ ਸ਼ਹਿਰ ‘ਚ ਐੱਨ.ਏ.ਕਿਊ.ਐੱਸ. ਅਤੇ ਡਬਲਯੂ.ਐੱਚ.ਓ. ਪੀ.ਐੱਮ. 10 ਦਾ ਪੱਧਰ ਮਾਪਦੰਡਾਂ ਤੋਂ ਵਧ ਹੈ। ਫਰੀਦਾਬਾਦ, ਹਰਿਆਣਾ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ ਜਿਥੇ ਔਸਤ ਪੀ.ਐੱਮ. 2.5 ਪੱਧਰ 103 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਹਾ। ਸਿਰਫ਼ ਤਿੰਨ ਸ਼ਹਿਰਾਂ ਪਲਵਲ, ਅੰਬਾਲਾ ਅਤੇ ਮਾਂਡੀਖੇੜਾ ‘ਚ ਪ੍ਰਦੂਸ਼ਣ ਦਾ ਪੱਧਰ ਪੀ.ਐੱਮ. 2.5 ਤੋਂ ਘੱਟ ਰਿਹਾ। ਊਰਜਾ ਅਤੇ ਸਾਫ਼ ਹਵਾ ਬਾਰੇ ਖੋਜ ਕੇਂਦਰ ‘ਚ ਅਧਿਐਨਕਾਰ ਮਨੋਜ ਕੁਮਾਰ ਨੇ ਕਿਹਾ ਕਿ ਹਰਿਆਣਾ ਦੇ ਸਾਰੇ 24 ਸ਼ਹਿਰਾਂ ‘ਚ ਸਾਲ ਦੀ ਪਹਿਲੀ ਛਿਮਾਹੀ ‘ਚ ਪਾਰਟੀਕੁਲੇਟ ਮੈਟਰ (ਛੋਟੇ ਕਣ) ਦਾ ਪੱਧਰ ਡਬਲਯੂ.ਐੱਚ.ਓ. ਦੇ ਮਾਪਦੰਡਾਂ ਤੋਂ ਵਧ ਮਿਲਿਆ ਹੈ।