#PUNJAB

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ OP ਚੌਟਾਲਾ ਦਾ ਦੇਹਾਂਤ

ਚੰਡੀਗਡ੍ਹ, 20 ਦਸੰਬਰ (ਪੰਜਾਬ ਮੇਲ)- ਹਰਿਆਣਾ ਰਾਜਨੀਤੀ ਦੇ ਬਾਬਾ ਬੋਹੜ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪ੍ਰੀਮੋ ਅਤੇ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੋਟਾਲਾ ਦਾ ਸ਼ੁੱਕਰਵਾਰ ਸਵੇਰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 89 ਸਾਲ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਗੁਰੂਗ੍ਰਾਮ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਏ। ਜ਼ਿਕਰਯੋਗ ਹੈ ਕਿ ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀ ਅਤੇ ਉਹ ਦੇਸ਼ ਦੇ 6ਵੇਂ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ। ਉਨ੍ਹਾਂ ਦਾ ਰਾਜਨੀਤੀਕ ਸਫਰ ਹਰਿਆਣਾ ਦੀ ਰਾਜਨੀਤੀ ਵਿੱਚ ਮੀਲ ਪੱਥਰ ਸਬਿਤ ਹੋਇਆ। ਜ਼ਿਕਰਯੋਗ ਹੈ ਕਿ ਚੌਟਾਲਾ ਪਹਿਲੀ ਵਾਰ 2 ਦਸੰਬਰ 1989 ਤੋਂ 22 ਮਈ 1990 ਤੱਕ ਮੁੱਖ ਮੰਤਰੀ ਰਹੇ। ਉਹ ਕੌਮੀ ਪੱਧਰ ਦੇ ਐੱਨਡੀਏ ਅਤੇ ਤੀਸਰੇ ਮੋਰਚੇ ਦਾ ਹਿੱਸਾ ਰਹੇ।

ਚੌਟਾਲਾ ਦਾ ਨਾਮ ਸਾਲ 2000 ਵਿਚ ਹੋਏ ਸਿੱਖਿਆ ਭਰਤੀ ਘੁਟਾਲੇ ਵਿਚ ਆਇਆ ਜਿਸਦੇ ਚਲਦਿਆਂ ਉਨ੍ਹਾਂ 2013 ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ। ਉਹ ਤਿਹਾੜ ਜੇਲ੍ਹ ਵਿਚ ਸਭ ਤੋਂ ਬਜ਼ੁਰਗ ਕੈਦੀ ਦੇ ਰੂਪ ਵਿਚ ਉੱਥੇ ਰਹੇ। ਬਾਅਦ ਵਿਚ ਚੌਟਾਲਾ ਨੂੰ ਕੋਵਿਡ ਦੇ ਚਲਦਿਆਂ ਜੇਲ੍ਹ ਚੋਂ ਉਨ੍ਹਾਂ ਨੂੰ 2021 ਵਿਚ ਰਿਹਾ ਕਰ ਦਿੱਤਾ ਗਿਆ ਸੀ।