– ਗੁਰੂਗ੍ਰਾਮ ਸਥਿਤ ਘਰ ‘ਚ ਦਿਲ ਦਾ ਦੌਰਾ ਪਿਆ;
– ਮੇਦਾਂਤਾ ਹਸਪਤਾਲ ‘ਚ ਆਖਰੀ ਸਾਹ ਲਏ; ਮੋਦੀ, ਸੈਣੀ ਤੇ ਹੁੱਡਾ ਸਣੇ ਹੋਰਨਾਂ ਵੱਲੋਂ ਦੁੱਖ ਦਾ ਇਜ਼ਹਾਰ;
ਗੁਰੂਗ੍ਰਾਮ, 20 ਦਸੰਬਰ (ਪੰਜਾਬ ਮੇਲ)- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਤੇ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਦਾ ਅੱਜ ਇਥੇ ਇਕ ਨਿੱਜੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉੁਹ 89 ਸਾਲਾਂ ਦੇ ਸਨ। ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਬਿਨਾਂ ਦੇਰੀ ਦੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੌਟਾਲਾ ਨੇ ਅੱਜ ਦੁਪਹਿਰੇ 12 ਵਜੇ ਮੇਦਾਂਤਾ ਹਸਪਤਾਲ ਵਿਚ ਆਖਰੀ ਸਾਹ ਲਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਣੇ ਹੋਰਨਾਂ ਆਗੂਆਂ ਨੇ ਓਮ ਪ੍ਰਕਾਸ਼ ਚੌਟਾਲਾ ਦੇ ਅਕਾਲ ਚਲਾਣੇ ਉੱਤੇ ਦੁੱਖ ਜਤਾਇਆ ਹੈ। ਚੌਟਾਲਾ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਰਿਵਾਰ ‘ਚ ਦੋ ਪੁੱਤਰ ਤੇ ਤਿੰਨ ਧੀਆਂ ਹਨ। ਉਨ੍ਹਾਂ ਦੀ ਪਤਨੀ ਸਨੇਹ ਲਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਵਿਚ ਤਿੰਨ ਦਿਨਾ ਰਾਜਸੀ ਸੋਗ ਐਲਾਨ ਦਿੱਤਾ ਹੈ। ਇਸ ਅਰਸੇ ਦੌਰਾਨ ਸੂਬੇ ਵਿਚ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਤਿਰੰਗਾ ਝੰਡਾ ਅੱਧਾ ਝੁਕਿਆ ਰਹੇਗਾ। ਚੌਟਾਲਾ ਦਾ ਭਲਕੇ ਸਿਰਸਾ ਜ਼ਿਲ੍ਹੇ ਵਿਚਲੇ ਤੇਜਾ ਖੇੜਾ ਫਾਰਮ ਵਿਚ ਸ਼ਾਮੀਂ 3 ਵਜੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਸ਼੍ਰੀ ਮੋਦੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ”ਉਹ (ਚੌਟਾਲਾ) ਕਈ ਸਾਲਾਂ ਤੱਕ ਸੂਬੇ ਦੀ ਸਿਆਸਤ ਵਿਚ ਸਰਗਰਮ ਰਹੇ ਤੇ ਉਨ੍ਹਾਂ ਦੇਵੀ ਲਾਲ ਦੇ ਕੰਮ ਨੂੰ ਅੱਗੇ ਵਧਾਇਆ।” ਮੁੱਖ ਮੰਤਰੀ ਸੈਣੀ ਨੇ ਕਿਹਾ, ”ਮੇਰੇ ਵੱਲੋਂ ਉਨ੍ਹਾਂ ਨੂੰ ਨਿਮਾਣੀ ਜੀ ਸ਼ਰਧਾਂਜਲੀ। ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਸੂਬੇ ਤੇ ਸਮਾਜ ਦੀ ਸੇਵਾ ਕੀਤੀ। ਇਹ ਦੇਸ਼ ਤੇ ਹਰਿਆਣਾ ਸੂਬੇ ਦੀ ਸਿਆਸਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਚੌਟਾਲਾ ਮੁੱਖ ਮੰਤਰੀ ਸਨ, ਉਹ ਹਰਿਆਣਾ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਹੁੰਦੇ ਸਨ। ਚੌਟਾਲਾ ਨੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨਾਲ ਕਈ ਚੰਗੀਆਂ ਯਾਦਾਂ ਹਨ। ਉਹ ਮੇਰੇ ਲਈ ਵੱਡੇ ਭਰਾ ਵਾਂਗ ਸਨ। ਕਾਂਗਰਸ ਆਗੂ ਰਣਦੀਪ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਨੇ ਵੀ ਚੌਟਾਲਾ ਦੇ ਅਕਾਲ ਚਲਾਣੇ ਉੱਤੇ ਦੁੱਖ ਜਤਾਇਆ ਹੈ।
ਚੌਟਾਲਾ ਦਾ ਜਨਮ 1 ਜਨਵਰੀ, 1935 ਨੂੰ ਹੋਇਆ ਸੀ ਅਤੇ ਉਹ ਦੇਸ਼ ਦੇ 6ਵੇਂ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤਰ ਸਨ। ਉਨ੍ਹਾਂ ਦਾ ਸਿਆਸੀ ਸਫ਼ਰ ਹਰਿਆਣਾ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਹੋਇਆ। ਚੌਟਾਲਾ ਪਹਿਲੀ ਵਾਰ 2 ਦਸੰਬਰ 1989 ਤੋਂ 22 ਮਈ 1990 ਤੱਕ ਮੁੱਖ ਮੰਤਰੀ ਰਹੇ। ਉਹ ਕੌਮੀ ਪੱਧਰ ਉੱਤੇ ਐੱਨ.ਡੀ.ਏ. ਅਤੇ ਤੀਸਰੇ ਮੋਰਚੇ ਦਾ ਹਿੱਸਾ ਵੀ ਰਹੇ। ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਤੇ ਆਈ.ਏ.ਐੈੱਸ. ਅਧਿਕਾਰੀ ਸੰਜੀਵ ਕੁਮਾਰ ਨੂੰ ਸਾਲ 2000 ਦੇ ਸਿੱਖਿਆ ਭਰਤੀ ਘੁਟਾਲੇ ‘ਚ ਦੋਸ਼ੀ ਠਹਿਰਾਣੇ ਜਾਣ ਮਗਰੋਂ 2013 ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਤਿਹਾੜ ਜੇਲ੍ਹ ਵਿਚ ਸਭ ਤੋਂ ਬਜ਼ੁਰਗ ਕੈਦੀ ਦੇ ਰੂਪ ਵਿਚ ਉੱਥੇ ਰਹੇ। ਬਾਅਦ ਵਿਚ ਚੌਟਾਲਾ ਨੂੰ 2021 ਵਿਚ ਕੋਵਿਡ-19 ਮਹਾਮਾਰੀ ਦੇ ਚਲਦਿਆਂ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਓਮ ਪ੍ਰਕਾਸ਼ ਚੌਟਾਲਾ ਦਾ ਛੋਟਾ ਪੁੱਤਰ ਅਭੈ ਸਿੰਘ ਚੌਟਾਲਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਸੀਨੀਅਰ ਆਗੂ ਹੈ, ਜਦੋਂ ਕਿ ਵੱਡਾ ਪੁੱਤਰ ਤੇ ਸਾਬਕਾ ਐੱਮ.ਪੀ. ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਮੁਖੀ ਹਨ। ਦਸੰਬਰ 2018 ‘ਚ ਪਰਿਵਾਰਕ ਫੁੱਟ ਤੋਂ ਬਾਅਦ ਇਸ ਪਾਰਟੀ ਦਾ ਜਨਮ ਹੋਇਆ ਸੀ। ਅਭੈ ਦਾ ਬੇਟਾ ਅਰਜੁਨ ਹਰਿਆਣਾ ਤੋਂ ਵਿਧਾਇਕ ਹੈ, ਜਦਕਿ ਅਜੇ ਚੌਟਾਲਾ ਦੇ ਪੁੱਤਰ ਦੁਸ਼ਯੰਤ ਅਤੇ ਦਿਗਵਿਜੈ ਜੇ.ਜੇ.ਪੀ. ਨੇਤਾ ਹਨ। ਦੁਸ਼ਯੰਤ ਚੌਟਾਲਾ ਹਰਿਆਣਾ ਵਿਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਵੀ ਰਿਹਾ।