#INDIA

ਹਰਿਆਣਾ ਦੇ ਕੈਥਲ ‘ਚ ਖ਼ਾਲਿਸਤਾਨੀ ਕਹਿ ਕੇ ਸਿੱਖ ਵਿਅਕਤੀ ਦੀ ਕੁੱਟਮਾਰ

-ਬੰਦ ਫਾਟਕ ‘ਤੇ ਦੁਪਹੀਆ ਅੱਗੇ ਨਾ ਕਰਨ ‘ਤੇ ਬਦਮਾਸ਼ਾਂ ਨੇ ਕੀਤੀ ਵਾਰਦਾਤ
ਕੈਥਲ, 12 ਜੂਨ (ਪੰਜਾਬ ਮੇਲ)- ਇਕ ਸਿੱਖ ਵਿਅਕਤੀ ਨੂੰ ਖ਼ਾਲਿਸਤਾਨੀ ਕਹਿ ਕੇ ਉਸ ‘ਤੇ ਇੱਟਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ ਲਗਪਗ 10 ਵਜੇ ਬੱਸ ਸਟੈਂਡ ਦੇ ਨੇੜੇ ਰੇਲਵੇ ਫਾਟਕ ਦੀ ਹੈ। ਹਾਲਾਂਕਿ ਫਾਟਕ ਤੋਂ ਡੀ.ਸੀ. ਰਿਹਾਇਸ਼ ਕੁਝ ਹੀ ਦੂਰੀ ‘ਤੇ ਹੈ। ਸੈਕਟਰ-19 ਨਿਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਸਿਵਿਲ ਲਾਈਨ ਥਾਣੇ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਡਿਫੈਂਸ ਕਾਲੋਨੀ ਵਿਚ ਫਰਨੀਚਰ ਦਾ ਸ਼ੋਅਰੂਮ ਹੈ। ਰਾਤ ਲਗਪਗ ਪੌਣੇ ਦਸ ਵਜੇ ਉਹ ਸ਼ੋਅਰੂਮ ਬੰਦ ਕਰ ਕੇ ਘਰ ਜਾ ਰਿਹਾ ਸੀ। ਰਸਤੇ ਵਿਚ ਫਾਟਕ ਬੰਦ ਮਿਲਿਆ, ਤਾਂ ਉਹ ਉਥੇ ਰੁੱਕ ਗਿਆ। ਇਸੇ ਦੌਰਾਨ ਉਸ ਪਿੱਛੇ ਇਕ ਬਾਈਕ ‘ਤੇ ਦੋ ਨੌਜਵਾਨ ਆ ਕੇ ਰੁੱਕ ਗਏ। ਰੇਲ ਗੱਡੀ ਜਾਣ ਤੋਂ ਬਾਅਦ ਜਿਵੇਂ ਹੀ ਉਹ ਸਕੂਟੀ ਚਲਾਉਣ ਲੱਗਾ, ਤਾਂ ਬਾਈਕ ਸਵਾਰ ਨੌਜਵਾਨ ਕਹਿਣ ਲੱਗੇ ਕਿ ਓਏ ਖ਼ਾਲਿਸਤਾਨੀ, ਜਲਦੀ ਸਕੂਟੀ ਅੱਗੇ ਕੱਢ ਲੈ। ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ‘ਤੇ ਤਾਂ ਹੱਤਿਆ ਦਾ ਇਕ ਕੇਸ ਪਹਿਲਾਂ ਹੀ ਦਰਜ ਹੈ। ਉਥੋਂ ਗੁਜ਼ਰ ਰਹੇ ਰਾਜੂ ਨਾਂ ਦੇ ਵਿਅਕਤੀ ਨੇ ਉਸ ਨੂੰ ਨੌਜਵਾਨਾਂ ਤੋਂ ਛੁੜਵਾਇਆ। ਉਸ ਸਮੇਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਮੌਕੇ ‘ਤੇ ਪੁੱਜੀ। ਰਾਹਗੀਰਾਂ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ। ਸਿਵਿਲ ਲਾਈਨ ਥਾਣਾ ਇੰਚਾਰਜ ਇੰਸਪੈਕਟਰ ਸ਼ੀਲਾਵੰਤੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਮਾਰ-ਕੁੱਟ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਦੀ ਕੁੱਟਮਾਰ ਦਾ ਨੋਟਿਸ

ਅੰਮ੍ਰਿਤਸਰ, (ਪੰਜਾਬ ਮੇਲ)- ਹਰਿਆਣਾ ਦੇ ਕੈਥਲ ਵਿਚ ਇੱਕ ਸਿੱਖ ਦੀ ਨਫ਼ਰਤ ਦੀ ਭਾਵਨਾ ਨਾਲ ਕੁੱਟਮਾਰ ਕਰਨ ਦੀ ਵਾਪਰੀ ਘਟਨਾ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਕੈਥਲ ਵਾਸੀ ਸੁਖਵਿੰਦਰ ਸਿੰਘ ਨੂੰ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਸ਼ਹਿਰ ਦੇ ਨਜ਼ਦੀਕ ਰੋਕ ਕੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਅਦ ਕੁੱਟਮਾਰ ਕੀਤੀ ਗਈ, ਜੋ ਦੇਸ਼ ਵਿਚ ਵਧ ਰਹੀ ਨਫ਼ਰਤੀ ਹਿੰਸਾ ਦਾ ਪ੍ਰਗਟਾਵਾ ਹੈ। ਹਰਿਆਣਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਰਤਾਰੇ ਨੂੰ ਸੰਜੀਦਗੀ ਨਾਲ ਲਵੇ ਕਿਉਂਕਿ ਅਜਿਹੀਆਂ ਘਟਨਾਵਾਂ ਦੇਸ਼ ਹਿੱਤ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਇਸ ਕਰਕੇ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਸੂਬੇ ਅੰਦਰ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਵਿਰੁੱਧ ਦੇਸ਼ ਅੰਦਰ ਲਗਾਤਾਰ ਨਫ਼ਰਤੀ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਵੱਖ-ਵੱਖ ਸੂਬਿਆਂ ‘ਚ ਬਿਨਾਂ ਕਿਸੇ ਕਾਰਨ ਹੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੈਥਲ ‘ਚ ਸਿੱਖ ਦੀ ਕੁੱਟਮਾਰ ਦੇ ਮਾਮਲੇ ਵਿਚ ਕੈਥਲ ਦੇ ਪੁਲਿਸ ਕਪਤਾਨ ਨੂੰ ਈ-ਮੇਲ ਭੇਜ ਕੇ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ।