#INDIA

ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 18 ਕਰੋੜ ਰੁਪਏ

ਇੰਫਾਲ,  1 ਦਸੰਬਰ (ਪੰਜਾਬ ਮੇਲ)- ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਮਨੀਪੁਰ ਦੇ ਉਖਰੂਲ ਜ਼ਿਲ੍ਹੇ ਵਿਚ ਸਰਕਾਰੀ ਬੈਂਕ ’ਚੋਂ 18.80 ਕਰੋੜ ਰੁਪਏ ਲੁੱਟ ਲਏ। ਪੰਜਾਬ ਨੈਸ਼ਨਲ ਬੈਂਕ ਦੀ ਇਹ ਸ਼ਾਖਾ ਉਖਰੂਲ ਜ਼ਿਲ੍ਹੇ ਲਈ ‘ਕਰੰਸੀ ਚੈਸਟ’ ਹੈ, ਜਿੱਥੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੋਰ ਬੈਂਕਾਂ ਅਤੇ ਏਟੀਐੱਮ ਲਈ ਨਕਦੀ ਸਟੋਰ ਕੀਤੀ ਜਾਂਦੀ ਹੈ। ਵੀਰਵਾਰ ਸ਼ਾਮ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਲੁਟੇਰੇ ਇੰਫਾਲ ਤੋਂ ਕਰੀਬ 80 ਕਿਲੋਮੀਟਰ ਦੂਰ ਉਖਰੂਲ ਕਸਬੇ ‘ਚ ਬੈਂਕ ‘ਚ ਪਹੁੰਚੇ। ਉਨ੍ਹਾਂ ਨੇ ਸੁਰੱਖਿਆ ਕਰਮੀਆਂ ‘ਤੇ ਕਾਬੂ ਕੀਤਾ, ਬੈਂਕ ਕਰਮਚਾਰੀਆਂ ਨੂੰ ਧਮਕਾਇਆ ਅਤੇ ਸੇਫ ‘ਚੋਂ ਪੈਸੇ ਲੁੱਟ ਲਏ। ਕੁਝ ਲੁਟੇਰੇ ਵਰਦੀ ਵਿੱਚ ਸਨ। ਉਨ੍ਹਾਂ ਮੁਲਾਜ਼ਮਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੈਂਕ ਦੇ ਟਾਇਲਟ ਅੰਦਰ ਬੰਦ ਕਰ ਦਿੱਤਾ। ਸੀਨੀਅਰ ਕਰਮਚਾਰੀ ਨੂੰ ਬੰਦੂਕ ਦਿਖਾ ਕੇ ਸੇਫ ਖੋਲ੍ਹਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਲੁਟੇਰੇ ਪੈਸੇ ਲੈ ਕੇ ਫ਼ਰਾਰ ਹੋ ਗਏ।