#AMERICA

ਸੱਤਾ ‘ਚ ਆਉਣ ‘ਤੇ ਭਾਰਤ, ਆਸਟ੍ਰੇਲੀਆ, ਜਾਪਾਨ ਨਾਲ ਮਜ਼ਬੂਤ ਕਰਾਂਗੀ ਰਿਸ਼ਤੇ: ਨਿੱਕੀ ਹੈਲੀ

ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵਲੋਂ ਨਾਮਜ਼ਦਗੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ-ਅਮਰੀਕੀ ਨਿੱਕੀ ਹੈਲੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿਚ ਆਉਂਦੀ ਹੈ, ਤਾਂ ਉਨ੍ਹਾਂ ਦਾ ਪ੍ਰਸ਼ਾਸਨ ਨਾ ਸਿਰਫ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨਾਲ ਕੰਮ ਕਰੇਗਾ, ਸਗੋਂ ਭਾਰਤ ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ ਅਤੇ ਫਿਲੀਪੀਨਜ਼ ਸਮੇਤ ਕਈ ਹੋਰ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰੇਗਾ। ਹੈਲੀ ਨੇ ਕਿਹਾ ਕਿ ਜੇਕਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਬਾਰਾ ਚੁਣੇ ਜਾਂਦੇ ਹਨ, ਤਾਂ ਨਾਟੋ ਨਾਲ ਸਬੰਧਾਂ ‘ਤੇ ਖਤਰਾ ਪੈਦਾ ਹੋ ਸਕਦਾ ਹੈ। ਉਸਨੇ ਕਿਹਾ, ”ਜੇਕਰ ਟਰੰਪ ਦੁਬਾਰਾ ਚੁਣੇ ਜਾਂਦੇ ਹਨ, ਤਾਂ ਮੈਂ ਕਈ ਮੁੱਦਿਆਂ ਨੂੰ ਲੈ ਕੇ ਚਿੰਤਤ ਹਾਂ। ਨਾਟੋ ਨਾਲ ਸਬੰਧਾਂ ਨੂੰ ਖਤਰਾ ਉਨ੍ਹਾਂ ਵਿਚੋਂ ਇੱਕ ਹੈ। ਨਾਟੋ 75 ਸਾਲਾਂ ਦੀ ਸਫਲਤਾ ਦੀ ਕਹਾਣੀ ਹੈ।”
ਅਮਰੀਕਾ ‘ਚ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਦੌੜ ‘ਚ ਰਿਪਬਲਿਕਨ ਪਾਰਟੀ ਤੋਂ ਟਰੰਪ ਖ਼ਿਲਾਫ਼ ਹੇਲੀ ਇਕਲੌਤੀ ਉਮੀਦਵਾਰ ਹੈ। ਨਾਟੋ 31 ਮੈਂਬਰ ਦੇਸ਼ਾਂ ਦਾ ਇੱਕ ਅੰਤਰ-ਸਰਕਾਰੀ ਫੌਜੀ ਗਠਜੋੜ ਹੈ, ਜਿਸ ਵਿਚ 29 ਯੂਰਪ ਵਿਚ ਅਤੇ ਦੋ ਉੱਤਰੀ ਅਮਰੀਕਾ ਵਿਚ ਸ਼ਾਮਲ ਹਨ। ਹੈਲੀ ਨੇ ਕਿਹਾ ਕਿ ਚੀਨ ਹਮੇਸ਼ਾ ਹੀ ਇਸ ਗਠਜੋੜ ਦਾ ਮੂੰਹਤੋੜ ਵਿਰੋਧੀ ਰਿਹਾ ਹੈ। ਅਜਿਹੇ ‘ਚ ਨਾਟੋ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਕਰੀਬ ਇੱਕ ਹਫ਼ਤਾ ਪਹਿਲਾਂ ਟਰੰਪ ਨੇ ਕੈਰੋਲੀਨਾ ਵਿਚ ਟਿੱਪਣੀਆਂ ਕੀਤੀਆਂ ਸਨ ਕਿ ਉਹ ਰੂਸ ਨੂੰ ਕਿਸੇ ਵੀ ਨਾਟੋ ਮੈਂਬਰ ਦੇਸ਼ ਨਾਲ ”ਕੁਝ ਵੀ” ਕਰਨ ਲਈ ਉਤਸ਼ਾਹਿਤ ਕਰਨਗੇ। ਹੈਲੀ ਇਸ ਸਬੰਧ ‘ਚ ਪੁੱਛੇ ਗਏ ਸਵਾਲ ‘ਤੇ ਪ੍ਰਤੀਕਿਰਿਆ ਦੇ ਰਹੀ ਸੀ।
ਹੈਲੀ ਨੇ ਕਿਹਾ ਕਿ ਇਸ ਗਠਜੋੜ ਵਿਚ ਹੋਰ ਮਿੱਤਰ ਦੇਸ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਇਹ ਗਠਜੋੜ ਵਿਚ ਇਕੱਠੇ ਖੜ੍ਹੇ ਹੋਣ ਦਾ ਸਮਾਂ ਹੈ। ਇਹ ਨਾ ਤਾਂ ਕਿਸੇ ਠੱਗ ਦਾ ਪੱਖ ਲੈਣ ਦਾ ਸਮਾਂ ਹੈ ਅਤੇ ਨਾ ਹੀ 11 ਸਤੰਬਰ ਦੇ ਹਮਲੇ ਤੋਂ ਬਾਅਦ ਅਮਰੀਕਾ ਦੇ ਨਾਲ ਖੜ੍ਹੇ ਮਿੱਤਰ ਦੇਸ਼ਾਂ ਦਾ ਪੱਖ ਲੈਣ ਦਾ ਸਮਾਂ ਹੈ। ਇਕ ਸਵਾਲ ਦੇ ਜਵਾਬ ‘ਚ ਹੈਲੀ ਨੇ ਕਿਹਾ, ”ਮੈਂ ਵਾਅਦਾ ਕਰਦੀ ਹਾਂ ਕਿ ਜੇਕਰ ਮੈਨੂੰ ਰਾਸ਼ਟਰਪਤੀ ਦੇ ਤੌਰ ‘ਤੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਨਾ ਸਿਰਫ ਨਾਟੋ ਨੂੰ ਮਜ਼ਬੂਤ ਕਰਾਂਗੇ, ਸਗੋਂ ਭਾਰਤ, ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਫਿਲੀਪੀਨਜ਼ ਨਾਲ ਸਬੰਧਾਂ ਨੂੰ ਵੀ ਮਜ਼ਬੂਤ ਕਰਾਂਗੇ। ਅਸੀਂ ਇਸ ਵਿਚ ਹੋਰ ਦੇਸ਼ਾਂ ਨੂੰ ਸ਼ਾਮਲ ਕਰਾਂਗੇ। ਇਹ ਅਮਰੀਕਾ ਦੇ ਸਹਿਯੋਗੀਆਂ ਦੀ ਗਿਣਤੀ ਵਧਾਉਣ ਬਾਰੇ ਹੈ, ਨਾ ਕਿ ਉਨ੍ਹਾਂ ਨੂੰ ਘਟਾਉਣਾ।