ਵਿਆਨਾ, 22 ਨਵੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਪਰਮਾਣੂ ਨਿਗਰਾਨ ਦੇ ਬੋਰਡ ਨੇ ਪੂਰਨ ਸਹਿਯੋਗ ਨਾ ਕਰਨ ਨੂੰ ਲੈ ਕੇ ਵੀਰਵਾਰ ਨੂੰ ਈਰਾਨ ਦੀ ਨਿੰਦਾ ਕੀਤੀ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਵੀ ਤਹਿਰਾਨ ਨੂੰ ਦੋ ਸਥਾਨਾਂ ‘ਤੇ ਮਿਲੇ ਯੂਰੇਨੀਅਮ ਦੇ ਕਣਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦਾ ਜਵਾਬ ਦੇਣ ਲਈ ਕਿਹਾ ਹੈ। ਈਰਾਨ ਨੇ ਇਨ੍ਹਾਂ ਸਥਾਨਾਂ ਨੂੰ ਪ੍ਰਮਾਣੂ ਸਾਈਟਾਂ ਵਜੋਂ ਘੋਸ਼ਿਤ ਨਹੀਂ ਕੀਤਾ ਹੈ।
ਮਤੇ ‘ਤੇ ਬੰਦ ਦਰਵਾਜ਼ੇ ਦੀ ਵੋਟਿੰਗ ਪ੍ਰਕਿਰਿਆ ‘ਚ ਸ਼ਾਮਲ ਡਿਪਲੋਮੈਟਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਆਈ.ਏ.ਈ.ਏ. ਦੇ ਬੋਰਡ ਦੇ 19 ਮੈਂਬਰਾਂ ਨੇ ਮਤੇ ਦੇ ਪੱਖ ‘ਚ ਵੋਟਿੰਗ ਕੀਤੀ, ਜਦਕਿ ਰੂਸ, ਚੀਨ ਤੇ ਬੁਰਕੀਨਾ ਫਾਸੋ ਨੇ ਇਸ ਦਾ ਵਿਰੋਧ ਕੀਤਾ ਅਤੇ 12 ਦੇਸ਼ਾਂ ਨੇ ਇਸ ‘ਚ ਹਿੱਸਾ ਨਹੀਂ ਲਿਆ, ਇੱਕ ਨੇ ਵੋਟ ਨਹੀਂ ਪਾਈ। ਇਹ ਪ੍ਰਸਤਾਵ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਪੇਸ਼ ਕੀਤਾ ਸੀ ਅਤੇ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਸੀ। ਪ੍ਰਸਤਾਵ ਇਸ ਹਫਤੇ ਦੇ ਸ਼ੁਰੂ ਵਿਚ ਪੇਸ਼ ਕੀਤੀ ਗਈ ਇੱਕ ਗੁਪਤ ਰਿਪੋਰਟ ਤੋਂ ਬਾਅਦ ਹੈ। ਇਸ ਰਿਪੋਰਟ ਵਿਚ ਆਈ.ਏ.ਈ.ਏ. ਨੇ ਕਿਹਾ ਸੀ ਕਿ ਈਰਾਨ ਨੇ ਪ੍ਰਮਾਣੂ ਗਤੀਵਿਧੀਆਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਨਿਯਮਾਂ ਦੀ ਅਣਦੇਖੀ ਕੀਤੀ ਹੈ ਅਤੇ ਆਪਣੇ ਯੂਰੇਨੀਅਮ ਭੰਡਾਰ ਨੂੰ ਲਗਭਗ ਹਥਿਆਰਾਂ ਦੇ ਪੱਧਰ ਤੱਕ ਵਧਾ ਦਿੱਤਾ ਹੈ।