ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ ਪੱਕੇ ਮਕਾਨ ਨਾ ਬਣਾਉਣ ਦੀ ਤਾਕੀਦ

311
Share

ਨਵੀਂ ਦਿੱਲੀ, 15 ਮਾਰਚ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ। ਇਹ ਫ਼ੈਸਲਾ ਸਿੰਘੂ ਤੇ ਟਿਕਰੀ ਹੱਦ ’ਤੇ ਕੁੱਝ ਕਿਸਾਨਾਂ ਵੱਲੋਂ ਪੱਕੇ ਕਮਰਿਆਂ ਦੀ ਉਸਾਰੀ ਕਰਨ ਮਗਰੋਂ ਲਿਆ ਗਿਆ ਹੈ। ਚੇਤੇ ਰਹੇ ਸੋਨੀਪਤ (ਹਰਿਆਣਾ) ਦੀ ਜ਼ਿਲ੍ਹਾ ਪੁਲਿਸ ਵੱਲੋਂ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੌਮੀ ਮਾਰਗ ਦੀ ਜ਼ਮੀਨ ਉਪਰ ਉਸਾਰੀਆਂ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਕਿਸਾਨਾਂ ਨੇ ਟਿਕਰੀ ਤੇ ਸਿੰਘੂ ਹੱਦ ’ਤੇ ਇੱਟਾਂ ਵਾਲੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਆਗੂ ਮੁਤਾਬਕ ਲਾਲ ਕਿਲ੍ਹੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ’ਚ ਵੱਖ-ਵੱਖ ਐੱਫ.ਆਈ.ਆਰ’ਜ਼ ਵਿਚ ਗਿ੍ਰਫ਼ਤਾਰ 151 ਕਿਸਾਨਾਂ ਵਿਚੋਂ 147 ਹੁਣ ਤੱਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ, ਪੰਜਾਬ ਤੋਂ ਤਿੰਨ ਅਤੇ ਹਰਿਆਣਾ ਤੋਂ ਇੱਕ ਕਿਸਾਨ ਜ਼ਮਾਨਤ ਦੀ ਉਡੀਕ ’ਚ ਹਨ। ਉਨ੍ਹਾਂ ਦੱਸਿਆ ਕਿ 29 ਜਨਵਰੀ 2021 ਨੂੰ ਗਿ੍ਰਫ਼ਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਹੁਣ ਇਸ ਹਾਈ ਕੋਰਟ ਵਿਚ ਅਰਜ਼ੀ ਦਿੱਤੀ ਜਾਵੇਗੀ। ਡਾ. ਦਰਸ਼ਨਪਾਲ ਨੇ ਦੇਸ਼ ਭਰ ਵਿਚ ਕਿਸਾਨ ਮੋਰਚੇ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰਾਖੰਡ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਖੁੱਟਾਰ ਤੋਂ ਕਰੀਬ 300 ਪਿੰਡਾਂ ਤੇ 20 ਤੋਂ ਵੱਧ ਸ਼ਹਿਰਾਂ ਵਿਚੋਂ ਕਿਸਾਨ ਮਜ਼ਦੂਰ ਜਾਗਿ੍ਰਤੀ ਯਾਤਰਾ ਕੱਢੀ ਗਈ। ਇਸੇ ਤਰ੍ਹਾਂ ਇਲਾਹਾਬਾਦ ਰੀਵਾ ਰੋਡ ’ਤੇ ਹੈਰੋ ਟੌਲ ਪਲਾਜ਼ਾ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ’ਚ ਇਕੱਠੇ ਹੋਏ। ਉੜੀਸਾ ਵਿਚ ਜਾਰੀ ਕਿਸਾਨ-ਯਾਤਰਾ ਰਾਏਗਾੜਾ ਜ਼ਿਲ੍ਹੇ ਦੇ ਗੁਣੂਪੁਰ ਪਹੁੰਚੀ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਹ ਯਾਤਰਾ ਪੂਰੇ ਬਿਹਾਰ ਵਿਚ ਵੀ ਕਿਸਾਨਾਂ ਨੂੰ ਜਾਗਰੂਕ ਕਰੇਗੀ।

Share