#PUNJAB

ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੇ ਗਵਰਨਰ ਪੰਜਾਬ ਨੂੰ ਸੌਂਪਿਆ ਮੰਗ ਪੱਤਰ; ਤਿੰਨ ਰੋਜ਼ਾ ਧਰਨਾ ਸਮਾਪਤ

ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਮੁਲਾਕਾਤ ਕਰਕੇ ਲਿਆ ਮੰਗ ਪੱਤਰ
ਮੁੱਖ ਮੰਤਰੀ ਵਲੋਂ 19 ਦਸੰਬਰ ਨੂੰ ਪੰਜਾਬ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੋਰਚੇ ਨਾਲ ਕੀਤੀ ਜਾਵੇਗੀ ਮੀਟਿੰਗ
ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੇ ਕਿਸਾਨ ਲਹਿਰ ਵਿਰੁੱਧ ਦਿੱਤੇ ਗੈਰ ਜਿੰਮੇਵਾਰਾਨਾ ਬਿਆਨਾਂ ਤੇ ਉਠਾਇਆ ਸਖਤ ਇਤਰਾਜ਼
ਮੋਹਾਲੀ/ਚੰਡੀਗੜ੍ਹ, 28 ਨਵੰਬਰ (ਦਲਜੀਤ ਕੌਰ/ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਿਆ ਤਿੰਨ ਰੋਜ਼ਾ ਧਰਨਾ ਅੱਜ ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਨਾਲ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਅੱਜ ਸਾਰਾ ਦਿਨ ਕਿਸਾਨ ਮੋਰਚੇ ਵਿੱਚ ਕਾਫੀ ਗਹਿਮਾਂ ਗਹਿਮੀ ਦੇਖਣ ਨੂੰ ਮਿਲੀ। ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਨਾਲ ਸਬੰਧਤ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਦੀ ਚੁੱਪ ਦਾ ਗੰਭੀਰ ਨੋਟਿਸ ਲਿਆ ਸੀ ਅੱਜ ਸਵੇਰ ਵੇਲੇ ਹੀ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪੰਜਾਬ ਭਵਨ ਵਿਖੇ ਮਿਲਣ ਦਾ ਸੱਦਾ ਦਿੱਤਾ। ਖੇਤੀ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਵਲੋਂ ਕਿਸਾਨ ਲਹਿਰ ਖਿਲਾਫ਼ ਦਿੱਤੇ ਜਾ ਰਹੇ ਗੈਰ ਜਿੰਮੇਵਾਰਾਨਾ ਬਿਆਨਾਂ ਉੱਪਰ ਸਖਤ ਇਤਰਾਜ਼ ਜਤਾਉਂਦਿਆਂ ਕਿਸਾਨਾਂ ਦੀਆਂ ਫੌਰੀ ਮੰਗਾਂ ਪੇਸ਼ ਕੀਤੀਆਂ। ਖੇਤੀ ਮੰਤਰੀ ਨੇ 19 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਸਾਰੀਆਂ ਮੰਗਾਂ ਦੇ ਹੱਲ ਲਈ ਡਿਟੇਲ ਮੀਟਿੰਗ ਹੋਣ ਦੀ ਜਾਣਕਾਰੀ ਦਿੰਦਿਆਂ ਉਸ ਤੋਂ ਪਹਿਲਾਂ ਫੌਰੀ ਮੰਗਾਂ ਦੇ ਹੱਲ ਲਈ ਮੋਰਚੇ ਨਾਲ ਲਗਾਤਾਰ ਮੀਟਿੰਗਾਂ ਕਰਨ ਦੀ ਹਾਮੀ ਭਰੀ ਹੈ।

ਗਵਰਨਰ ਪੰਜਾਬ ਨੂੰ ਦਿੱਤੇ ਗਏ ਮੰਗ ਪੱਤਰ ਮੌਕੇ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣ ਅਤੇ ਚੰਡੀਗੜ੍ਹ ਪੁਲਿਸ ਦੇ ਡੀਜੀ ਨੂੰ ਮੌਕੇ ਤੇ ਹੀ ਕਿਸਾਨ ਅੰਦੋਲਨ ਨਾਲ ਸਬੰਧਤ ਚੰਡੀਗੜ੍ਹ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਕਿਹਾ। ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਮਗਰੋਂ ਧਰਨੇ ਵਿੱਚ ਆਕੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ।

ਸੰਯੁਕਤ ਕਿਸਾਨ ਮੋਰਚਾ ਦੇ ਵਫਦ ਵਿੱਚ ਹਰਿੰਦਰ ਸਿੰਘ ਲੱਖੋਵਾਲ, ਸੁਖਦੇਵ ਸਿੰਘ ਕੋਕਰੀ, ਡਾਕਟਰ ਦਰਸ਼ਨਪਾਲ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਸਾਹਨੀ, ਜਗਮੋਹਣ ਸਿੰਘ, ਸਤਨਾਮ ਸਿੰਘ ਬਹਿਰੂ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਧਨੇਰ, ਬਲਵਿੰਦਰ ਸਿੰਘ ਮੱਲੀਨੰਗਲ, ਰਵਨੀਤ ਸਿੰਘ ਬਰਾੜ, ਬਿੰਦਰ ਸਿੰਘ ਗੋਲੇਵਾਲ, ਬੂਟਾ ਸਿੰਘ ਸ਼ਾਦੀਪੁਰ, ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਸੁਖ ਗਿੱਲ ਮੋਗਾ, ਜੰਗਵੀਰ ਸਿੰਘ ਚੌਹਾਨ, ਬਲਜੀਤ ਸਿੰਘ ਗਰੇਵਾਲ, ਨਛੱਤਰ ਸਿੰਘ ਜੈਤੋ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਰਵੀ, ਅਮੋਲਕ ਸਿੰਘ, ਕੁਲਦੀਪ ਸਿੰਘ ਵਜੀਦਪੁਰ, ਹਰਬੰਸ ਸਿੰਘ ਸੰਘਾ ਅਤੇ ਜਗਮਨਦੀਪ ਸਿੰਘ ਪੜੀ ਸ਼ਾਮਲ ਸਨ।
ਅੱਜ ਮੋਰਚੇ ਦੇ ਤੀਜੇ ਦਿਨ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਟੇਜ ਤੋਂ ਕਿਸਾਨ ਆਗੂਆਂ ਤੋਂ ਇਲਾਵਾ ਸਮਰਥਨ ਵਿਚ ਮੁਲਾਜ਼ਮ ਅਤੇ ਟ੍ਰੇਡ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਵੀ ਕੀਤਾ।