#Featured

ਸੰਨ 47 ਦੀ ਵੰਡ ਨੂੰ ਸਮਰਪਿਤ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ–2024 ਨਵੀਆਂ ਪੈੜਾਂ ਸਥਾਪਤ ਕਰ ਗਿਆ

ਅੰਮ੍ਰਿਤਸਰ, 28 ਨਵੰਬਰ (ਇਕਵਾਕ ਸਿੰਘ/ਪੰਜਾਬ ਮੇਲ)- ਇੱਕ ਖ਼ਬਰ ਅਨੁਸਾਰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਹੜੇ ਵਿੱਚ ਸਜੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੌਰਾਨ ਡੇਢ ਲੱਖ ਤੋਂ ਵੱਧ ਸਾਹਿਤ ਪ੍ਰੇਮੀਆਂ, ਵਿਦਿਆਰਥੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇੱਕ ਸੌ ਪੰਜਾਹ ਤੋਂ ਵੱਧ ਲੱਗੇ ਕਿਤਾਬਾਂ ਦੇ ਸਟਾਲਾਂ ਤੋਂ ਕਰੀਬ ਸੱਤਰ ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਇਸ ਉਤਸਵ ਅਤੇ ਪੁਸਤਕ ਮੇਲੇ ਦੌਰਾਨ ਪਾਠਕਾਂ ਵੱਲੋਂ ਖ੍ਰੀਦੀਆਂ ਗਈਆਂ। ਖ਼ਾਲਸਾ ਕਾਲਜ ਵੱਲੋਂ ਅਰੰਭ ਕੀਤਾ ਹੋਇਆ ਇਹ ਸਲਾਨਾ ਸਾਹਿਤ ਕੁੰਭ ਹਰ ਸਾਲ ਨਵੀਆਂ ਪੁੱਲਾਂਘਾਂ ਪੁੱਟਦਾ ਜਾ ਰਿਹਾ ਹੈ ਅਤੇ ਇਸ ਸਾਲ ਵੀ ਨਵੀਆਂ ਪੈੜਾਂ ਸਥਾਪਤ ਕਰ ਗਿਆ।
ਸਿੱਖ ਪੰਥ ਅਤੇ ਪੰਜਾਬ ਦੀ ਮਾਣਮੱਤੀ ਵਿੱਦਿਅਕ ਸੰਸਥਾ ‘ਖ਼ਾਲਸਾ ਕਾਲਜ-ਅੰਮ੍ਰਿਤਸਰ ਸਾਹਿਬ’ ਦੇ ਵਿਹੜੇ ਵਿੱਚ ਗੁਰਬਾਣੀ ਸ਼ਬਦ ਗਾਇਨ ਨਾਲ 19 ਨਵੰਬਰ ਨੂੰ ਅਰੰਭ ਹੋਏ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ-2024 ਦਾ ਉਦਘਾਟਨ ਖ਼ਾਲਸਾ ਯੂਨੀਵਰਸਿਟੀ ਦੇ ਉੱਪ-ਕੁੱਲਪਤੀ ਡਾ. ਮਹਿਲ ਸਿੰਘ ਅਤੇ ਪੰਜਾਬ ਦੇ ਮੰਨੇ-ਪ੍ਰਮੰਨੇ ਅਦਾਕਾਰ ਅਤੇ ਹਾਸਰਸੀ ਸ਼ਖ਼ਸੀਅਤ ਗੁਰਪ੍ਰੀਤ ਘੁੱਗੀ ਨੇ ਕੀਤਾ। ਪੰਜ ਦਿਨ (23 ਨਵੰਬਰ ਤੱਕ) ਕਾਮਯਾਬੀ ਨਾਲ ਚੱਲਣ ਵਾਲੇ ਇਸ ਉਤਸਵ ਅਤੇ ਪੁਸਤਕ ਮੇਲੇ ਨੂੰ ਸੰਨ 1947 ਦੀ ਵੰਡ ਨੂੰ ਸਮਰਪਤ ਕੀਤਾ ਗਿਆ ਸੀ। ਇਸ ਥੀਮ ਅਨੁਸਾਰ ਹੀ ਸਟੇਜ ਉੱਤੋਂ ਬਹੁਤ ਸਾਰੀਆਂ ਪੇਸ਼ਕਾਰੀਆਂ, ਲੈਕਚਰ ਅਤੇ ਸੈਮੀਨਾਰ ਸਮੇਤ ਡਾਕੂਮੈਂਟਰੀ ਫ਼ਿਲਮਾਂ ਅਤੇ ਨਾਟਕਾਂ ਦੀ ਪੇਸ਼ਕਾਰੀ ਹੁੰਦੀ ਰਹੀ। ਇਸ ਤੋਂ ਇਲਾਵਾ ਪੰਜਾਬ ਨਾਲ ਜੁੜੇ ਬਹੁਤ ਸਾਰੇ ਗੰਭੀਰ ਮੁੱਦਿਆ ਉੱਤੇ ਚਰਚਾਵਾਂ ਹੁੰਦੀਆਂ ਰਹੀਆਂ। ਸ਼ਾਇਰੀ, ਗੀਤ-ਸੰਗੀਤ, ਭੰਗੜਾ, ਗਿੱਧਾ, ਗੋਸ਼ਟੀਆਂ, ਕਵੀ ਦਰਬਾਰ, ਪੈਨਲ ਚਰਚਾ, ਕਵਿਸ਼ਰੀ ਅਤੇ ਨਵੀਂਆਂ ਪੁਸਤਕਾਂ ਦਾ ਲੋਕ ਅਰਪਣ ਖਿੱਚ ਦਾ ਕੇਂਦਰ ਰਿਹਾ। ਕਾਲਜ ਦੇ ਵਿਦਿਆਰਥੀਆਂ ਵੱਲੋਂ ਲਗਾਈਆਂ ਗਈਆਂ ਕਲਾ ਪ੍ਰਦਰਸ਼ਨੀਆਂ ਬਾ-ਕਮਾਲ ਸਨ। ਪਹਿਲੇ ਹੀ ਦਿਨ ਪੰਜ ਕਾਵਿ-ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ, ਜਿਸ ਵਿੱਚ ਮੇਰੀ ਇੱਕ ਸ਼ਾਇਰੀ ਦੀ ਕਿਤਾਬ ‘ਤੂੰ ਹੱਸਦਾ ਸੁਹਣਾ ਲੱਗਦਾ ਏਂ’ ਵੀ ਸ਼ਾਮਲ ਸੀ, ਜਿਸ ਨੂੰ ਮਾਝਾ ਵਰਲਡਾਈਡ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਵੇਂ ਅਤੇ ਆਖ਼ਰੀ ਦਿਨ ਸਾਬਕਾ ਆਈ.ਜੀ. (ਪੰਜਾਬ ਪੁਲਿਸ) ਸ੍ਰ. ਗੁਰਪ੍ਰੀਤ ਸਿੰਘ ਤੂਰ ਦੁਆਰਾ ਲਿਖਤ ਪੁਸਤਕ ‘ਪਰਵਾਸ ਤੇ ਪੰਜਾਬ’ ਵੀ ਲੋਕ ਅਰਪਣ ਕੀਤੀ ਗਈ।
ਸੰਨ ’47 ਦੀ ਵੰਡ ਨੂੰ ਸਮਰਪਤ ਕੀਤਾ ਗਿਆ ਇਹ ਨੌਵਾਂ ਅੰਮ੍ਰਿਤਸਰ ਸਾਹਿਤ ਉਤਸਵ, ਇੱਕ ਤਰ੍ਹਾਂ ਨਾਲ ਰਿਸਦੇ ਜ਼ਖ਼ਮਾਂ ਉੱਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਵਾਂਗ ਰਿਹਾ। ਕਾਲਜ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਵੜ ਕੇ, ਖੱਬੇ ਪਾਸੇ ਨੂੰ ਪੁਸਤਕ ਮੇਲੇ ਵੱਲ ਮੁੜਦਿਆਂ ਹੀ, ਇਕ ਪੁਰਾਤਨ ਗੱਡਾ ਖੜ੍ਹਾ ਕੀਤਾ ਸੀ, ਜਿਸ ਨੇ ਇੰਟਰਨੈੱਟ ਉੱਤੇ ਦੇਖੀ ਤਸਵੀਰ, (ਜਿਸ ਵਿੱਚ ਗੱਡੇ ‘ਤੇ ਪਰਵਾਰਾਂ ਦੇ ਪਰਵਾਰ ਆਪਣਾ ਸਮਾਨ ਲੱਦ ਕੇ ਸਰਹੱਦ ਦੇ ਇੱਧਰ ਅਤੇ ਉੱਧਰ ਆਪਣੀ ਕਿਸਮਤ ਦੇ ਨਵੇਂ ਨਕਸ਼ ਘੜਨ ਲਈ, ਘਰੋਂ-ਬੇਘਰ ਹੋ ਕੇ ਆ ਅਤੇ ਜਾ ਰਹੇ ਸਨ) ਨੂੰ ਸਜੀਵ ਕਰ ਰਿਹਾ ਸੀ।
ਉਸਦੇ ਨਾਲ ਹੀ ਅਗਲੇ ਪਾਸੇ ਕਿਸੇ ਆਭਾਗੀ ਰੇਲ-ਗੱਡੀ ਦਾ ਇੱਕ ਲਹੂ-ਲੁਹਾਨ ਹੋਇਆ ਡੱਬਾ ਖੜ੍ਹਿਆ ਸੀ, ਜਿਸ ਵਿੱਚ ਪਈਆਂ ਹੋਈਆਂ ਮ੍ਰਿਤਕਾਂ ਦੀਆਂ ਲਾਸ਼ਾਂ (ਜੋ ਨਾਟਕੀ ਢੰਗ ਨਾਲ ਬਣਾਈਆਂ ਹੋਈਆਂ), ਗੱਡੀ ਦੇ ਬਾਹਰ ਬਿਨਾਂ ਧੋਣ ਤੋਂ ਪਏ ਧੜਾਂ ਦੇ ਬਿੰਬ, ਲਹੂ ਨਾਲ ਨਾਲ ਲਿਬੜੇ ਕੱਪੜੇ ਭਾਵੇਂ ਸਭ ਇੱਕ ਯਾਦ ਦੇ ਚਿੰਨ੍ਹ ਵੱਜੋਂ ਸਨ, ਪਰ ਇਹ ਪ੍ਰਦਰਸ਼ਨੀ ਉਸ ਸੱਚ ਅਤੇ ਦੁਖਾਂਤ ਦੇ ਬੇਹੱਦ ਨੇੜੇ ਸੀ, ਜਿਸ ਨੂੰ ਸਾਡੇ ਬਜ਼ੁਰਗਾਂ ਨੇ ਆਪਣੇ ਪਿੰਡੇ ‘ਤੇ ਹੰਢਾਇਆ ਸੀ। ਇਹ ਮਹਿਜ਼ ਰੇਲਗੱਡੀ ਦਾ ਇੱਕ ਡੱਬਾ ਹੀ ਨਹੀਂ ਸੀ, ਬਲਕਿ ’47 ਦੇ ਰੌਲ਼ਿਆਂ ਦੀ ਉਹ ਚੀਸ ਸੀ, ਜੋ ਆਉਂਦੀਆਂ ਪੀੜ੍ਹੀਆਂ ਦੇ ਮਨ ਮੰਦਰ ਵਿੱਚੋਂ ਵੀ ਮਹਿਸੂਸ ਕੀਤੀ ਜਾਂਦੀ ਰਹੇਗੀ।
ਇਸ ਤੋਂ ਅੱਗੇ ਲੱਗੀਆਂ ਪ੍ਰਦਰਸ਼ਨੀਆਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਸਨ। ਜਿਸ ਵਿੱਚ ਪੰਜਾਬੀ ਸੱਭਿਆਚਾਰ, ਚਿੱਤਰਕਲਾ, ਲੋਕ-ਸੰਗੀਤ ਅਤੇ ਪੰਜਾਬ ਦੀ ਖ਼ੁਸ਼ਬੋ ਵੰਡਦੀਆਂ ਪ੍ਰਤੀਤ ਹੋਈਆਂ। ਮੈਂ ਪੂਰੇ ਪੰਜ ਦਿਨ ਉੱਥੇ ਰਿਹਾ ਇਸ ਸਾਹਿਤ ਕੁੰਭ ਵਿੱਚ ਇਸ਼ਨਾਨ ਕਰਦਾ ਰਿਹਾ। ਕਿਤਾਬਾਂ ਵੇਖਦਾ ਰਿਹਾ ਅਤੇ ਖ੍ਰੀਦਦਾ ਰਿਹਾ। ਸਵੇਰੇ 9 ਵਜੇ ਪਹੁੰਚ ਜਾਂਦਾ ਅਤੇ ਸ਼ਾਮੀਂ 7 ਵਜੇ ਵਾਪਸ ਆਉਂਦਾ। ਖ਼ਾਲਸਾ ਕਾਲਜ ਦੇ ਵਿਹੜੇ ਵਿੱਚ ਵੱਖ-ਵੱਖ ਪਬਲਿਸ਼ਰਾਂ ਵੱਲੋਂ ਲਗਾਏ ਸਟਾਲ ਇੰਞ ਸਨ ਜਿਵੇਂ ਇਕੱਲਾ-ਇਕੱਲਾ ਪਬਲੀਸ਼ਰ ਵਿਹੜੇ ਵਿੱਚ ਵੱਖ-ਵੱਖ ਕਿਸਮਾਂ ਦੇ ਸਦੀਵੀ ਖ਼ੁਸ਼ਬੋ ਵੰਡਣ ਵਾਲੇ ਕਿਤਾਬ ਰੂਪੀ ਫੁੱਲਾਂ ਦੀਆਂ ਦੁਕਾਨਾਂ ਲਾਈ ਬੈਠਾ ਹੋਇਆ ਹੋਵੇ, ਜਿਨ੍ਹਾਂ ਨੇ ਸਾਰੇ ਅੰਮ੍ਰਿਤਸਰ ਨੂੰ ਆਪਣੀ ਖ਼ੁਸ਼ਬੋ ਨਾਲ ਸ਼ਰਸਾਰ ਕਰ ਦਿੱਤਾ ਹੋਵੇ।
ਖ਼ਾਲਸਾ ਕਾਲਜ ਦੀ ਸਮੂਹ ਪ੍ਰਬੰਧਕ ਕਮੇਟੀ ਸਣੇ ਇਸ ਸਮੁੱਚੇ ਸਮਾਗਮ ਦੀ ਰੂਹ-ਏ-ਰਵਾਂ ਡਾ. ਆਤਮ ਸਿੰਘ ਰੰਧਾਵਾ ਮੁਖੀ, ਪੰਜਾਬੀ ਵਿਭਾਗ ਅਤੇ ਪੰਜਾਬੀ ਵਿਭਾਗ ਦੀ ਸਮੁੱਚੀ ਟੀਮ, ਪ੍ਰੋ. ਡਾ. ਹੀਰਾ ਸਿੰਘ, ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਹਰ ਉਹ ਸ਼ਖ਼ਸੀਅਤ ਜਿਸਨੇ ਇਸ ਉਤਸਵ ਦੀ ਸਫ਼ਲਤਾ ਵਾਸਤੇ ਆਪਣਾ ਕੋਈ ਵੀ ਯੋਗਦਾਨ ਪਾਇਆ, ਉਹਨਾਂ ਸਭਨਾਂ ਲਈ ਸ਼ੁੱਭ-ਇੱਛਾਵਾਂ ਦਿੰਦਾ ਹੋਇਆ ਇਹ ਆਸ ਕਰਦਾ ਹਾਂ ਕਿ ਅਗਲੇ ਵਰ੍ਹੇ ਦੇ 10ਵੇਂ ਸਾਲ ਵਿੱਚ ਦਾਖ਼ਲ ਹੁੰਦਾ ਹੋਇਆ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਹੋਰ ਜਵਾਨ ਗੱਭਰੂ ਹੋ ਕੇ, ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਗੱਲ ਕਰੇਗਾ। ਆਮੀਨ!
ਇਕਵਾਕ ਸਿੰਘ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾਇਲ : 9478767620