#PUNJAB

ਸੰਦੀਪ ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜਿਆ ਇਕ ਹੋਰ ਗੈਂਗਸਟਰ arrest

ਜਲੰਧਰ, 6 ਮਈ (ਪੰਜਾਬ ਮੇਲ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕਤਲਕਾਂਡ ਨਾਲ ਜੁੜੇ ਇਕ ਹੋਰ ਗੈਂਗਸਟਰ ਸਵਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸੇ ਗੈਂਗਸਟਰ ਨੇ ਕਤਲਕਾਂਡ ਦੇ ਬਾਕੀ ਗੈਂਗਸਟਰਾਂ ਨੂੰ ਆਪਣੇ ਘਰ ‘ਚ ਪਨਾਹ ਦਿੱਤੀ ਸੀ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਫ਼ਰਾਰ ਸੀ। ਕਤਲ ਦੇ 6 ਮਹੀਨਿਆਂ ਬਾਅਦ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਗੋਇੰਦਵਾਲ ਪੁਲਿਸ ਨੇ ਉਸ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਲੰਧਰ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ।
ਜ਼ਿਕਰਯੋਗ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ, 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ 5 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਸੀ, ਜਦੋਂ ਸੰਦੀਪ ਪਿੰਡ ‘ਚ ਚੱਲ ਰਹੇ ਟੂਰਨਾਮੈਂਟ ‘ਚ ਪੁੱਜਾ ਸੀ। ਮੈਚ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿਚ ਹਫੜਾ-ਦਫੜੀ ਮੱਚ ਗਈ ਸੀ।