#PUNJAB

ਸੰਤ ਸੀਚੇਵਾਲ ਨੇ ਰਾਜ ਸਭਾ ‘ਚ ਵਾਹਗਾ Border ਖੋਲ੍ਹਣ ਦੀ ਕੀਤੀ ਮੰਗ

ਜਲੰਧਰ, 12 ਦਸੰਬਰ (ਪੰਜਾਬ ਮੇਲ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ‘ਚ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਜੇਕਰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣਾ ਹੈ, ਤਾਂ ਵਾਹਗਾ ਦੀ ਸਰਹੱਦ ਖੋਲ੍ਹੀ ਜਾਵੇ।
ਸਿਫ਼ਰ ਕਾਲ ਦੌਰਾਨ ਕਿਸਾਨਾਂ ਦੀਆਂ ਮੰਗਾਂ ਉਠਾਉਂਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਖੇਤੀ ਲਾਹੇਵੰਦ ਧੰਦਾ ਨਾ ਹੋਣ ਕਰ ਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਤੇਜ਼ੀ ਨਾਲ ਜਾ ਰਹੀ। ਕਿਸਾਨ ਜਿਹੜੀ ਜ਼ਮੀਨ ਨੂੰ ਆਪਣੀ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ, ਉਸ ਨੂੰ ਛੱਡਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਤਾਜ਼ਾ ਆਈਆਂ ਰਿਪੋਰਟਾਂ ਅਨੁਸਾਰ ਦੇਸ਼ ਵਿਚ ਰੋਜ਼ਾਨਾ 114 ਕਿਸਾਨ, ਮਜ਼ਦੂਰ ਤੇ ਦਿਹਾੜੀਦਾਰ ਖੁਦਕੁਸ਼ੀਆਂ ਕਰ ਰਹੇ ਹਨ। ਸੰਤ ਸੀਚੇਵਾਲ ਨੇ ਸਦਨ ਵਿਚ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਵੱਲੋਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਜੇਕਰ ਸਰਕਾਰ ਐੱਮ.ਐੱਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਾ ਦੇਵੇ, ਤਾਂ ਇਸ ਦਾ ਲਾਭ ਕਿਸਾਨਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਸਾਲ 23 ਫਸਲਾਂ ‘ਤੇ ਐੱਮ.ਐੱਸ.ਪੀ. ਐਲਾਨਦੀ ਹੈ ਪਰ ਕਣਕ ਤੇ ਝੋਨੇ ਨੂੰ ਛੱਡ ਕੇ ਕਿਸਾਨਾਂ ਦੀਆਂ ਬਾਕੀ ਫਸਲਾਂ ਐੱਮ.ਐੱਸ.ਪੀ. ‘ਤੇ ਨਹੀਂ ਖਰੀਦੀਆਂ ਜਾਂਦੀਆਂ। ਮੱਕੀ ਦਾ ਭਾਅ ਸਰਕਾਰ ਨੇ 1962 ਰੁਪਏ ਐਲਾਨਿਆ ਸੀ ਪਰ ਕਿਸਾਨਾਂ ਕੋਲੋਂ ਮੱਕੀ 800 ਤੋਂ ਲੈ ਕੇ 1200 ਰੁਪਏ ਕੁਇੰਟਲ ਤੱਕ ਹੀ ਖਰੀਦੀ ਜਾ ਰਹੀ ਸੀ। ਉਨ੍ਹਾਂ ਕੇਂਦਰ ਸਰਕਾਰ ਤੋਂ ਵਾਹਗਾ ਬਾਰਡਰ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਾਰਡਰ ਰਾਹੀਂ ਵਪਾਰ ਹੋਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਮਿਲੇਗਾ।