#PUNJAB

ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਦਾ ਕਾਤਲ Arrest

ਅੰਮ੍ਰਿਤਸਰ, 16 ਮਈ (ਪੰਜਾਬ ਮੇਲ)-  ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਭਤੀਜੇ ਬਾਬਾ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 12 ਦਿਨਾਂ ਮਗਰੋਂ ਬਾਬਾ ਬਲਵਿੰਦਰ ਸਿੰਘ ਦੇ ਕਾਤਲ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਹ ਕਤਲ ਉਨ੍ਹਾਂ ਦੇ ਸੇਵਾਦਾਰ ਵੱਲੋਂ ਕੀਤਾ ਗਿਆ ਸੀ, ਜੋ ਕਿ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ।
ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਟਿਆਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਨੌਜਵਾਨ ਰਮਨਦੀਪ ਸਿੰਘ ਗੁਰੂਘਰ ਵਿਚ ਬਾਬਾ ਬਲਵਿੰਦਰ ਸਿੰਘ ਨਾਲ ਰਹਿੰਦਾ ਸੀ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਦਾ ਕੰਮ ਕਰਦਾ ਸੀ। ਘਟਨਾ ਵਾਲੀ ਰਾਤ ਰਮਨਦੀਪ ਸਿੰਘ, ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ, ਜਿਸ ਦੌਰਾਨ ਹੀ ਦੋਵਾਂ ਦਾ ਕਿਸੇ ਗੱਲ ‘ਤੇ ਝਗੜਾ ਹੋ ਗਿਆ। ਬਾਬਾ ਬਲਵਿੰਦਰ ਸਿੰਘ ਨੇ ਰਮਨਦੀਪ ਨੂੰ ਲੱਤ ਮਾਰ ਦਿੱਤੀ, ਜਿਸ ‘ਤੇ ਗੁੱਸੇ ਵਿਚ ਆਕੇ ਰਮਨਦੀਪ ਨੇ ਕਿਰਚ ਨਾਲ ਬਾਬਾ ਬਲਵਿੰਦਰ ਸਿੰਘ ਨੂੰ ਮਾਰ ਦਿੱਤਾ।
ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਰਮਨਦੀਪ ਸਿੰਘ ਫਰਾਰ ਹੋ ਗਿਆ ਸੀ। ਬਟਾਲਾ ਪੁਲਿਸ ਨੇ ਦੋਸ਼ੀ ਨੂੰ ਚਿੱਟੀ ਗਰਾਊਂਡ ਦੇ ਨੇੜਿਓਂ ਫੜਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਰਮਨਦੀਪ ਵੱਖ-ਵੱਖ ਥਾਵਾਂ ‘ਤੇ ਜਾ ਕੇ ਪੁਲਿਸ ਤੋਂ ਲੁਕਦਾ ਰਿਹਾ। ਦੋਸ਼ੀ ਵੱਲੋਂ ਕਤਲ ਕਰਨ ਲਈ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ ਅਤੇ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੀ 1 ਮਈ ਰਾਤ ਨੂੰ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਅਠਵਾਲ ਪੁਲ ‘ਤੇ ਬਲਵਿੰਦਰ ਸਿੰਘ ਖਾਲਸਾ ਨੂੰ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਗੁਰਦੁਆਰਾ ਕੰਪਲੈਕਸ ਵਿਚ ਖੂਨ ਨਾਲ ਲਥਪਥ ਮਿਲੀ ਸੀ। ਭਾਈ ਬਲਵਿੰਦਰ ਸਿੰਘ ਖਾਲਸਾ ਬਟਾਲਾ ਦੇ ਕਸਬਾ ਘੁਮਾਣ ਨੇੜੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਦੇ ਮੁਖੀ ਸਨ ਅਤੇ ਗੁਰੂਘਰ ਵਿਚ ਸੇਵਾ-ਸੰਭਾਲ ਕਰਦੇ ਸਨ।