#AMERICA

ਸੰਘੀ ਅਦਾਲਤ ਵੱਲੋਂ ਸੰਵੇਦਣਸ਼ੀਲ ਥਾਵਾਂ ‘ਤੇ ਹਥਿਆਰ ਲਿਜਾਣ ਦੀ ਮਨਾਹੀ ਵਾਲੇ California ਦੇ ਕਾਨੂੰਨ ‘ਤੇ ਰੋਕ

ਫੈਸਲੇ ਵਿਰੁੱਧ ਅਪੀਲ ਦਾਇਰ ਕਰਾਂਗੇ : ਅਟਰਾਨੀ ਜਨਰਲ ਰਾਬ ਬੋਨਟਾ
ਸੈਕਰਾਮੈਂਟੋ, 27 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸੰਘੀ ਜੱਜ ਨੇ ਕੈਲੀਫੋਰਨੀਆ ਦੇ ਇਕ ਕਾਨੂੰਨ ਦੇ ਕੁਝ ਹਿੱਸਿਆਂ ਉਪਰ ਰੋਕ ਲਾ ਦਿੱਤੀ ਹੈ, ਜਿਸ ਤਹਿਤ ਪੂਜਾ ਸਥਾਨਾਂ, ਜਨਤਕ ਲਾਇਬ੍ਰੇਰੀਆਂ, ਖੇਡ ਸਥਾਨਾਂ ਤੇ ਚਿੜਿਆ ਘਰਾਂ ਸਮੇਤ ਹੋਰ ਸੰਵੇਦਣਸ਼ੀਲ ਥਾਵਾਂ ‘ਤੇ ਹਥਿਆਰ ਲਿਜਾਣ ਦੀ ਮਨਾਹੀ ਕੀਤੀ ਗਈ ਹੈ। ਅਟਰਾਨੀ ਜਨਰਲ ਰਾਬ ਬੋਨਟਾ ਨੇ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਗਲਤ ਹੈ ਤੇ ਉਹ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕਰਨਗੇ। ਇਹ ਕਾਨੂੰਨ ਗੰਨ ਕੰਟਰੋਲ ਕਦਮਾਂ ਤਹਿਤ ਬਣਾਇਆ ਗਿਆ ਸੀ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇਸ ਉਪਰ ਇਸ ਸਾਲ ਸਤੰਬਰ ਵਿਚ ਦਸਤਖਤ ਕੀਤੇ ਸਨ। ਇਹ ਕਾਨੂੰਨ ਉਨ੍ਹਾਂ ਲਾਇਸੰਸਧਾਰੀ ਲੋਕਾਂ ਉਪਰ ਲਾਗੂ ਹੁੰਦਾ ਹੈ, ਜੋ ਲਕੋ ਕੇ ਹਥਿਆਰ ਲਿਜਾਂਦੇ ਹਨ। ਯੂ.ਐੱਸ. ਡਿਸਟ੍ਰਿਕਟ ਜੱਜ ਕੋਰਮੈਕ ਕਾਰਨੀ ਨੇ ਮੁੱਢਲੇ ਤੌਰ ‘ਤੇ ਜਾਰੀ ਆਦੇਸ਼ ਵਿਚ ਇਸ ਕਾਨੂੰਨ ਨੂੰ ਲਾਇਸੰਸਧਾਰੀ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਹੈ ਕਿ ਅਸੀਂ ਆਪਣੇ ਕਾਨੂੰਨ ਦੇ ਹੱਕ ਵਿਚ ਆਪਣੀ ਜੱਦੋ-ਜਹਿਦ ਜਾਰੀ ਰਖਾਂਗੇ ਕਿਉਂਕਿ ਸਾਡੇ ਬੱਚਿਆਂ ਦੀਆਂ ਜਾਨਾਂ ਇਸ ਕਾਨੂੰਨ ਨਾਲ ਜੁੜੀਆਂ ਹੋਈਆਂ ਹਨ। ਗਵਰਨਰ ਨੇ ਬਿੱਲ ਉਪਰ ਦਸਤਖਤ ਕਰਨ ਸਮੇਂ ਕਿਹਾ ਸੀ ਕਿ ਪਿਛਲੇ 72 ਘੰਟਿਆਂ ਦੌਰਾਨ ਦੇਸ਼ ਭਰ ਵਿਚ ਗੰਨ ਹਿੰਸਾ ਵਿਚ 104 ਲੋਕ ਮਾਰੇ ਜਾ ਚੁੱਕੇ ਹਨ। ਇਸ ਲਈ ਅਜਿਹੇ ਕਾਨੂੰਨ ਸਾਡੀ ਲੋੜ ਬਣ ਗਈ ਹੈ।