#PUNJAB

ਸੰਘਣੀ ਧੁੰਦ ਨੇ ਪੰਜਾਬ ‘ਚ ਜ਼ਿੰਦਗੀ ਦੀ ਰਫਤਾਰ ਕੀਤੀ ਘੱਟ

-28 ਤੱਕ ਸ਼ੀਤ ਲਹਿਰ ਚੱਲਣ ਦੀ ਚਿਤਾਵਨੀ
ਮਾਨਸਾ/ਬਠਿੰਡਾ, 26 ਦਸੰਬਰ (ਪੰਜਾਬ ਮੇਲ)- ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਇਸ ਹਫਤੇ ਦੇ ਸ਼ੁਰੂ ਵਾਲੇ ਦਿਨ ਸੋਮਵਾਰ ਅਤੇ ਮੰਗਲਵਾਰ ਦੇ ਦਿਨਾਂ ਨੂੰ ਗ਼ਹਿਰੀ ਧੁੰਦ ਦੀ ਚੱਦਰ ਨੇ ਲਪੇਟੀ ਰੱਖਿਆ ਠੰਢ ਕਾਰਨ ਲੋਕ ਘਰਾਂ ਵਿਚ ਵੜੇ ਰਹੇ। ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਅਤੇ ਵੱਧ ਤੋਂ ਵੱਧ 19.2 ਡਿਗਰੀ ਸੈਲਸੀਅਸ ਦਰਜ ਕੀਤਾ। ਲੋਕਾਂ ਦਾ ਧੂਣੀਆਂ ਸੇਕ ਕੇ ਦਿਨ ਲੰਘਿਆ। ਮਾਲਵਾ ਖੇਤਰ ਵਿਚ ਪੈ ਰਹੀ ਭਾਰੀ ਠੰਢ ਨੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਰੇਕ ਲਗਾ ਦਿੱਤੀ ਹੈ। ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਵਾਲੇ ਲੋਕਾਂ ਲਈ ਇਹ ਠੰਢ ਵੱਡੀ ਮੁਸੀਬਤ ਬਣ ਰਹੀ ਹੈ। ਭਾਰੀ ਧੁੰਦ ਅਤੇ ਠੰਢ ਕਾਰਨ ਅਨੇਕਾਂ ਕੰਮਕਾਜ ਠੱਪ ਹੋਕੇ ਰਹੇ ਗਏ ਹਨ, ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਨਵੀਂ ਬਿਪਤਾ ਪੈਦਾ ਹੋ ਗਈ ਹੈ। ਭਾਰੀ ਸਰਦੀ ਕਾਰਨ ਬਜ਼ਾਰਾਂ ਵਿਚ ਰੌਣਕਾਂ ਨੂੰ ਠੱਲ੍ਹ ਪਈ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਤ ਹੋ ਰਿਹਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ 25 ਤੋਂ 28 ਦਸੰਬਰ ਤੱਕ ਪੰਜਾਬ ਵਿਚ ਸ਼ੀਤ ਲਹਿਰ ਚੱਲਣ ਦੀ ਸੰਭਾਵਾਨਾ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 22.0-23.0 ਅਤੇ ਘੱਟ ਤੋਂ ਘੱਟ ਤਾਪਮਾਨ 3.0-4.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ।
ਉਧਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਲੁਧਿਆਣਾ, ਪਟਿਆਲਾ ਵਿਚ ਸੰਘਣੀ ਧੁੰਦ ਲਗਾਤਾਰ 4 ਦਿਨ ਪੈਣ ਦੀਆਂ ਸੰਭਾਵਨਾਵਾਂ ਹਨ, ਜਦੋਂਕਿ ਮਾਨਸਾ, ਮੋਗਾ, ਬਠਿੰਡਾ, ਬਰਨਾਲਾ, ਸੰਗਰੂਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਸ਼ੀਤ ਲਹਿਰ ਦੇ ਨਾਲ-ਨਾਲ ਸੰਘਣੀ ਧੁੰਦ ਲਗਾਤਾਰ ਪੰਜ ਦਿਨ ਪੈਣ ਦੀਆਂ ਰਿਪੋਰਟਾਂ ਹਨ। ਇਸੇ ਤਰ੍ਹਾਂ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਵਿਚ ਮੌਸਮ ਠੰਢ ਅਤੇ ਧੁੰਦ ਵਾਲਾ ਬਣਿਆ ਰਹੇਗਾ। ਇਸੇ ਦੌਰਾਨ ਪੰਜਾਬ ਪੁਲਿਸ ਦੇ ਟਰੈਫ਼ਿਕ ਵਿਭਾਗ ਨੇ ਧੁੰਦ ਨੂੰ ਵੇਖਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈਵੇ ‘ਤੇ ਅਗਲੇ ਦਿਨਾਂ ਤੱਕ 10 ਵਜੇ ਤੱਕ ਧੁੰਦ ਦਾ ਅਸਰ ਵਿਖਾਈ ਦੇਵੇਗਾ ਅਤੇ ਜਿਹੜੇ ਇਲਾਕਿਆਂ ਵਿਚ ਪ੍ਰਦੂਸ਼ਣ ਦੀ ਤਕਲੀਫ਼ ਹੈ, ਉਥੇ ਵਿਜੀਵਿਲਟੀ ਪ੍ਰੇਸ਼ਾਨ ਕਰੇਗੀ।