#PUNJAB

ਸੜਕ ਹਾਦਸੇ ਵਿਚ ਕਾਰ ਨੂੰ ਅੱਗ ਲੱਗਣ ਕਾਰਨ ਜਲੰਧਰ ਦੇ 5 ਨੌਜਵਾਨਾਂ ਦੀ ਮੌਤ

ਮੁਕੇਰੀਆਂ, 27 ਜਨਵਰੀ (ਪੰਜਾਬ ਮੇਲ)- ਬੀਤੀ ਰਾਤ ਕਰੀਬ 10.30 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਕਸਬਾ ਉੱਚੀ ਬੱਸੀ ਕੋਲ ਸੜਕ ਹਾਦਸੇ ਵਿਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂਕਿ ਗੰਭੀਰ ਜ਼ਖਮੀ ਟਰੱਕ ਚਾਲਕ ਹਸਪਤਾਲ ਵਿਚ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਸੜ ਗਈ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਸਵਾਰਾਂ ਦੀ ਪਛਾਣ ਜਲੰਧਰ ਦੇ ਵਸਨੀਕਾਂ ਵਜੋਂ ਹੋਈ ਹੈ, ਜਿਹੜੇ ਪਠਾਨਕੋਟ ਤੋਂ ਵਾਪਸ ਜਲੰਧਰ ਨੂੰ ਆ ਰਹੇ ਸਨ।
ਜਾਣਕਾਰੀ ਅਨੁਸਾਰ ਕਾਰ ਸਵਾਰ ਰਾਜ ਕੁਮਾਰ, ਅੰਕਿਤ ਕੁਮਾਰ, ਰਿਸ਼ਭ, ਇੰਦਰਜੀਤ ਸਿੰਘ ਅਤੇ ਅਭੀ ਸਾਰੇ ਵਾਸੀ ਜਲੰਧਰ ਬੀਤੀ ਰਾਤ ਆਪਣੀ ਕਾਰ ਪੀ.ਬੀ. 08 ਡੀ.ਵਾਈ. 1900 ਵਿਚ ਸਵਾਰ ਹੋ ਕੇ ਪਠਾਨਕੋਟ ਤੋਂ ਜਲੰਧਰ ਨੂੰ ਵਾਪਸ ਆ ਰਹੇ ਸਨ, ਜਦੋਂ ਉਹ ਕਰੀਬ 10.30 ਵਜੇ ਕੌਮੀ ਮਾਰਗ ‘ਤੇ ਪੈਂਦੇ ਕਸਬਾ ਉੱਚੀ ਬੱਸੀ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਏ। ਇਸ ਹਾਦਸੇ ਦੌਰਾਨ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ ਚਾਰ ਜਣੇ ਬੁਰੀ ਤਰ੍ਹਾਂ ਝੁਲਸ ਗਏ, ਜਦੋਂਕਿ ਇੱਕ ਕਾਰ ਸਵਾਰ ਨੂੰ ਸਿਵਲ ਹਸਪਤਾਲ ਮੁਕੇਰੀਆਂ ਪੁਜਾਇਆ ਗਿਆ, ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਟਰੱਕ ਚਾਲਕ ਨੂੰ ਦਸੂਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੰਬਰ ਦੇ ਅਧਾਰ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।