-ਕਿਹਾ: ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ: ਸੁਖਬੀਰ
ਜ਼ੀਰਾ, 30 ਨਵੰਬਰ (ਪੰਜਾਬ ਮੇਲ)- ਸਿਵਲ ਕੋਰਟ ਜ਼ੀਰਾ ਵੱਲੋਂ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਣੇ ਕੁੱਲ 43 ਜਣਿਆਂ ਨੂੰ 2017 ਨਾਲ ਸਬੰਧਤ ਇਕ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 2017 ਵਿਚ ਕਾਂਗਰਸ ਸਰਕਾਰ ਵੇਲੇ ਨਗਰ ਪੰਚਾਇਤ ਮੱਲਾਂਵਾਲਾ ਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰਨ ਦਿੱਤੇ ਗਏ ਸਨ, ਜਿਸ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਵੱਡੀ ਗਿਣਤੀ ਅਕਾਲੀ ਆਗੂਆਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ-54 ਬੰਗਾਲੀ ਵਾਲਾ ਪੁਲ ਜਾਮ ਕਰ ਦਿੱਤਾ ਸੀ। ਇਸ ਸਬੰਧ ਵਿਚ ਦੋਵੇਂ ਅਕਾਲੀ ਆਗੂਆਂ ਸਣੇ 49 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਵੀਰਵਾਰ ਸਿਵਲ ਕੋਰਟ ਜ਼ੀਰਾ ਵਿਚ ਮਾਣਯੋਗ ਜੱਜ ਮੈਡਮ ਪਰਵਿੰਦਰ ਕੌਰ ਦੀ ਅਦਾਲਤ ਨੇ ਇਨ੍ਹਾਂ ਵਿਚੋਂ 43 ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਛੇ ਅਕਾਲੀ ਆਗੂਆਂ ਦੀ ਮੌਤ ਹੋ ਚੁੱਕੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਆਖਿਆ ਕਿ ਉਹ ਅੱਜ ਦੇ ਫ਼ੈਸਲੇ ਲਈ ਹਮੇਸ਼ਾ ਨਿਆਂਪਾਲਕਾ ਦੇ ਰਿਣੀ ਰਹਿਣਗੇ। ਬਿਕਰਮ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਝੂਠ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਮਲੇ ਵਿਚ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ।