#PUNJAB

ਸ੍ਰ.ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ਵਿੱਚ ਪੁਸਤਕ ਲੋਕ ਅਰਪਣ

ਪਟਿਆਲਾ, 5 ਦਸੰਬਰ (ਪੰਜਾਬ ਮੇਲ)- ਪ੍ਰੋ.ਪਿ੍ਰਥੀਪਾਲ ਸਿੰਘ ਕਪੂਰ ਦੀ ‘ਸ੍ਰ.ਜੱਸਾ ਸਿੰਘ ਰਾਮਗੜ੍ਹੀਆ’ ਪੁਸਤਕ ਨੂੰ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਕਰਵਾਕੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਸ਼ਲਾਘਾਯੋਗ ਕੰਮ ਕੀਤਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਕਰਦਿਆਂ ਸਿੱਖ ਵਿਦਵਾਨ ਡਾ.ਬਲਕਾਰ ਸਿੰਘ ਨੇ ਕੀਤਾ। ਉਨ੍ਹਾਂ ਅੱਗੋਂ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਮਿਸਲਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਕਾਬਲੇ ਤਾਰੀਫ਼ ਰਿਹਾ ਹੈ। ਉਨ੍ਹਾਂ ਅੱਗੋਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦਾ ਰਾਸ਼ਟਰੀ ਧਰੋਹਰ, ਪੰਜਾਬੀਅਤ ਦਾ ਮੁੱਦਈ ਅਤੇ ਪ੍ਰੇਰਨਾ ਸਰੋਤ ਹੈ। ਦੂਜੇ ਸਭਿਆਚਾਰਾਂ ਨੂੰ ਜਾਨਣ ਲਈ ਭਾਸ਼ਾਵਾਂ ਲਾਭਦਾਇਕ ਸਾਬਤ ਹੁੰਦੀਆਂ ਹਨ। ਇਸ ਪੁਸਤਕ ਰਾਹੀਂ ਸਾਡੀ ਵਿਰਾਸਤ ਨੂੰ ਸਾਂਭਿਆ ਗਿਆ ਹੈ। ਪ੍ਰੋ.ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁਸਤਕ ਦੇ ਲੋਕ ਅਰਪਣ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕੀਤਾ ਕਿਹਾ ਕਿ ਸ਼ਾਹਮੁਖੀ ਲਿੱਪੀ ਵਿੱਚ ਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਨਾਲ ਸੰਸਾਰ ਵਿੱਚ ਸ਼ਾਹਮੁੱਖੀ ਦੇ ਪਾਠਕਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਯੋਗਦਾਨ ਬਾਰੇ ਜਾਣਕਾਰੀ ਮਿਲ ਜਾਵੇਗੀ। ਉਹ ਉਨ੍ਹਾਂ ਦੇ ਜੀਵਨ ਤੋਂ ਖੁਦਮੁਖਤਾਰੀ ਅਤੇ ਸਵੈਮਾਣ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਲੈ ਸਕਣਗੇ। ਡਾ.ਕੇਹਰ ਸਿੰਘ ਨੇ ਕਿਹਾ ਕਿ ਧਾਰਮਿਕ ਵੰਡੀਆਂ ਨੇ ਜ਼ੁਬਾਨ ਨੂੰ ਨੁਕਸਾਨ ਪਹੁੰਚਾਇਆ ਹੈ। ਪੁਸਤਕ ਦਾ ਲੋਕ ਅਰਪਣ ਡਾ.ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਡਾ.ਬਲਕਾਰ ਸਿੰਘ ਸਿੱਖ ਵਿਦਵਾਨ ਅਤੇ ਡਾ.ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਸਾਂਝੇ ਤੌਰ ‘ਤੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਸਮਾਗਮ ਵਿੱਚ ਕੀਤਾ। ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ.ਭੀਮਇੰਦਰ ਸਿੰਘ ਨੇ ਮਹਿਮਾਨਾ ਦਾ ਸਵਾਗਤ ਕਰਦਿਆਂ ਕਿਹਾ ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਦੀ ਪੰਜਾਬੀਆਂ ਨੂੰ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰਨ ਦਾ ਮੁੱਢ ਬੰਨਿਆਂ ਸੀ। ਉਨ੍ਹਾਂ ਇਹ ਵੀ ਕਿਹਾ ਪੁਸਤਕ ਖੋਜਾਰਥੀ ਵਿਦਿਆਰਥੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਹ ਪੁਸਤਕ ਉਨ੍ਹਾਂ ਲਈ ਸਹਾਇਕ ਸਾਬਤ ਹੋਵੇਗੀ। ਡਾ.ਦਰਸ਼ਨ ਸਿੰਘ ਆਸ਼ਟ ਨੇ ਇਸ ਪੁਸਤਕ ਤੇ ਕੀ ਨੋਟ ਭਾਸ਼ਣ ਪੜ੍ਹਦਿਆਂ ਕਿਹਾ ਕਿ ਪ੍ਰੋ.ਪਿ੍ਰਥੀਪਾਲ ਸਿੰਘ ਕਪੂਰ ਨੇ ਸਿੱਖ ਵਿਰਾਸਤ ਦੀਆਂ ਪ੍ਰਾਮਾਣਿਤ ਪਰੰਪਰਾਵਾਂ ਅਤੇ ਸੰਘਰਸ਼ਮਈ ਇਤਿਹਾਸਕ ਘਾਲਣਾਵਾਂ ਨੂੰ ਇਤਿਹਾਸਿਕ ਪਰਿਪੇਖ ਤੋਂ ਲਿਖਕੇ ਬਿਹਤਰੀਨ ਕਾਰਜ ਕੀਤਾ ਹੈ, ਜਿਸ ‘ਤੇ ਸਿੱਖ ਜਗਤ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਦਾ ਇਹ ਵਡਮੁੱਲਾ ਯੋਗਦਾਨ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਫ਼ਾਊਂਡਰ ਤੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਸ਼ਾਹਮੁੱਖੀ ਲਿੱਪੀ ਵਾਲੀ ਇਹ ਪੁਸਤਕ ਲਹਿੰਦੇ ਪੰਜਾਬ ਦੇ ਆਲਮੀ ਤੇ ਅਦਬੀ ਜਗਤ ਲਈ ਲਾਹੇਬੰਦ ਸਾਬਤ ਹੋਵੇਗੀ। ਲਹਿੰਦੇ ਪੰਜਾਬ ਦੇ 13 ਕਰੋੜ ਪੰਜਾਬੀ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ਤੋਂ ਪ੍ਰੇਰਨਾ ਲੈ ਸਕਣਗੇ। ਅਵਤਾਰ ਸਿੰਘ ਤੇ ਉਜਾਗਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ‘ਤੇ ਡਾ.ਭੀਮਇੰਦਰ ਸਿੰਘ ਨੇ ਡਾ.ਬਲਕਾਰ ਸਿੰਘ, ਡਾ.ਕੇਹਰ ਸਿੰਘ, ਡਾ.ਦਰਸ਼ਨ ਸਿੰਘ ਆਸ਼ਟ, ਇੰਜ.ਜੋਤਿੰਦਰ ਸਿੰਘ, ਦਲੀਪ ਸਿੰਘ ਉਪਲ, ਅਵਤਾਰ ਸਿੰਘ ਨੂੰ ਸਨਮਾਨਤ ਕੀਤਾ। ਇੰਜ ਜੋਤਿੰਦਰ ਸਿੰਘ ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਡਾ.ਭੀਮਇੰਦਰ ਸਿੰਘ ਨੂੰ ਸਨਮਾਨਿਤ ਕੀਤਾ। ਸਮਾਗਮ ਵਿੱਚ ਜਸਬੀਰ ਕੌਰ ਪਿ੍ਰੰਸੀਪਲ ਗੁਰਮਤਿ ਕਾਲਜ ਪਟਿਆਲਾ, ਪ੍ਰੋ.ਮਲਕਿੰਦਰ ਕੌਰ, ਡਾ.ਪ੍ਰੋ.ਐਸ.ਐਸ.ਰੇਖੀ, ਹਰਜੀਤ ਸਿੰਘ ਆਰਟਿਸਟ, ਹਰਦੀਪ ਕੌਰ ਡਾਇਰੈਕਟਰ ਯੂਨੀਵਰਸਿਟੀ ਅਜਾਇਬ ਘਰ, ਕਰਨਲ ਐਮ.ਐਸ. ਬਰਨਾਲਾ ਜਨਰਲ ਸਕੱਤਰ ਸੀਨੀਅਰ ਸਿਟੀਜ਼ਨ, ਦਲੀਪ ਸਿੰਘ ਉਪਲ ਵੀ ਸ਼ਾਮਲ ਹੋਏ। ਇੰਜ.ਜੋਤਿੰਦਰ ਸਿੰਘ ਨੇ ਪ੍ਰਧਾਨਗੀ ਮੰਡਲ ਅਤੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਖੋਜਾਰਥੀ ਵਿਦਿਆਰਥੀ ਸ਼ਾਮਲ ਹੋਏ।