#PUNJAB

ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਲੱਗੀਆਂ ਪੁਰਾਤਨ ਬੇਰੀਆਂ ਦੀ ਮਾਹਿਰਾਂ ਵੱਲੋਂ ਸਾਂਭ-ਸੰਭਾਲ

-ਛੰਗਾਈ, ਧੁਆਈ ਅਤੇ ਦਵਾਈ ਦਾ ਕੀਤਾ ਛਿੜਕਾਅ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਲੱਗੀਆਂ ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਵਾਸਤੇ ਮਾਹਿਰਾਂ ਵੱਲੋਂ ਇਨ੍ਹਾਂ ਦੀ ਛੰਗਾਈ ਕੀਤੀ ਗਈ ਹੈ, ਪਾਣੀ ਨਾਲ ਧੁਆਈ ਤੋਂ ਬਾਅਦ ਲੋੜ ਅਨੁਸਾਰ ਦਵਾਈ ਦਾ ਛਿੜਕਾ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਹਿਰ ਵਿਗਿਆਨੀਆਂ ਵੱਲੋਂ ਹਰ ਸਾਲ ਹੀ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਲੱਗੀਆਂ ਤਿੰਨ ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਪੁਰਾਤਨ ਬੇਰੀਆਂ ਵਿਚ ਦੁਖ ਭੰਜਣੀ ਬੇਰੀ, ਲਾਚੀ ਬੇਰੀ ਅਤੇ ਬੇਰ ਬਾਬਾ ਬੁੱਢਾ ਸਾਹਿਬ ਸ਼ਾਮਲ ਹਨ। ਇਹ ਪੁਰਾਤਨ ਬੇਰੀਆਂ ਗੁਰੂ ਰਾਮਦਾਸ ਜੀ ਦੇ ਵੇਲੇ ਦੀਆਂ ਹਨ , ਜਦੋਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਮਾਹਿਰ ਵਿਗਿਆਨੀਆਂ ਦੇ ਮੁਤਾਬਕ ਇਨ੍ਹਾਂ ਪੁਰਾਤਨ ਬੇਰੀਆਂ ਦੀ ਉਮਰ 500 ਸਾਲ ਤੋਂ ਵੱਧ ਹੈ।
ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਲਈ ਪੁੱਜੀ ਟੀਮ ਵਿਚ ਸ਼ਾਮਲ ਕੀਟ ਵਿਗਿਆਨੀ ਡਾਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਮਾਹਿਰ ਵਿਗਿਆਨੀਆਂ ਦੀ ਟੀਮ ਵੱਲੋਂ ਸਾਲ ਵਿਚ ਪੰਜ ਤੋਂ ਛੇ ਵਾਰ ਇੱਥੇ ਦੌਰਾ ਕੀਤਾ ਜਾਂਦਾ ਹੈ ਅਤੇ ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਲਈ ਕਾਰਜ ਕੀਤਾ ਜਾਂਦਾ ਹੈ। ਹੁਣ ਅਪ੍ਰੈਲ ਮਹੀਨੇ ਵਿਚ ਪੁਰਾਤਨ ਬੇਰੀਆਂ ਦੀਆਂ ਸੜ ਚੁੱਕੀਆਂ ਤੇ ਕਮਜ਼ੋਰ ਟਹਿਣੀਆਂ ਦੀ ਛੰਘਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਟਹਿਣੀਆਂ, ਜਿਨ੍ਹਾਂ ‘ਤੇ ਧੁੱਪ ਨਹੀਂ ਪੈਂਦੀ ਜਾਂ ਉਹ ਹੇਠਲੇ ਹਿੱਸੇ ਵਿਚ ਹਨ, ਉਹ ਸੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਕੱਟਣਾ ਜ਼ਰੂਰੀ ਹੁੰਦਾ ਹੈ। ਬੇਰੀਆਂ ਦੀ ਪਾਣੀ ਦੇ ਛਿੜਕਾ ਨਾਲ ਧੁਆਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਤੇ ਧੂੜ ਨਾਲ ਇਨ੍ਹਾਂ ਦੇ ਪੱਤੇ ਅਤੇ ਟਹਿਣੀਆਂ ‘ਤੇ ਪ੍ਰਦੂਸ਼ਣ ਇਕੱਠਾ ਹੋ ਜਾਂਦਾ ਹੈ, ਜਿਸ ਨੂੰ ਸਾਫ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਕੀਟਾਂ ਤੋਂ ਬਚਾਉਣ ਵਾਸਤੇ ਨੀਮ ਅਤੇ ਧਰੇਕ ਤੋਂ ਤਿਆਰ ਕੀਤੀਆਂ ਦਵਾਈਆਂ ਦਾ ਛਿੜਕਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 15-16 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦਾ ਸਿੱਟਾ ਹੈ ਕਿ ਇਨ੍ਹਾਂ ਪੁਰਾਤਨ ਬੇਰੀਆਂ ‘ਤੇ ਮੁੜ ਫਲ ਲੱਗਣ ਲੱਗ ਪਿਆ ਹੈ। ਇਸ ਵਾਰ ਵੀ ਸਾਰੀਆਂ ਬੇਰੀਆਂ ‘ਤੇ ਚੰਗਾ ਫਲ ਲੱਗਿਆ। ਇਸ ਦੌਰਾਨ ਜਦੋਂ ਮਾਹਰ ਵਿਗਿਆਨੀਆਂ ਵੱਲੋਂ ਬੇਰੀਆਂ ਦੇ ਪੱਤੇ ਤੇ ਟਹਿਣੀਆਂ ਦੀ ਕਟਾਈ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਕਈ ਬੇਰ ਵੀ ਹੇਠਾਂ ਡਿੱਗੇ, ਜਿਸ ਨੂੰ ਲੋਕਾਂ ਨੇ ਪ੍ਰਸ਼ਾਦ ਵਜੋਂ ਚੁੱਕ ਲਿਆ ਤੇ ਆਪਣੇ ਨਾਲ ਲੈ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਆਖਿਆ ਕਿ ਬਾਗਬਾਨੀ ਮਹਿਰਾਂ ਵੱਲੋਂ ਹਰ ਸਾਲ ਹੀ ਇੱਥੇ ਇਨ੍ਹਾਂ ਪੁਰਾਤਨ ਬੇਰੀਆਂ ਦੀ ਸਾਂਭ-ਸੰਭਾਲ ਲਈ ਉਪਰਾਲੇ ਕੀਤੇ ਜਾਂਦੇ ਹਨ, ਜਿਸ ਤਹਿਤ ਮਾਹਰਾਂ ਦੀ ਟੀਮ ਵੱਲੋਂ ਬੇਰੀਆਂ ਦੀ ਛੰਗਾਈ ਕੀਤੀ ਗਈ ਹੈ ਅਤੇ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ।