ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਲੱਗਣਗੇ ਸਟੀਲ ਦੇ ਜੰਗਲੇ

271
Share

ਅੰਮ੍ਰਿਤਸਰ, 19 ਨਵੰਬਰ (ਪੰਜਾਬ ਮੇਲ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਹੁਣ ਸਟੀਲ ਦੇ ਬਣੇ ਨਵੇਂ ਜੰਗਲੇ ਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪਰਿਕਰਮਾ ਵਿਚ ਪਾਣੀ ਦੇ ਨਿਕਾਸ ਲਈ ਲਾਈ ਜਾਲੀ ਬਦਲ ਕੇ ਨਵੀਂ ਸਟੀਲ ਦੀ ਜਾਲੀ ਲਾਈ ਗਈ ਹੈ। ਇਸ ਕਾਰਜ ਦੀ ਸੇਵਾ ਬਾਬਾ ਪ੍ਰਦੀਪ ਸਿੰਘ ਬੱਧਨੀ ਵਾਲਿਆਂ ਨੇ ਕਰਵਾਈ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਇਸ ਸੇਵਾ ਮੌਕੇ ਹਾਜ਼ਰ ਸਨ। ਇਸ ਮੌਕੇ ਅਰਦਾਸ ਕਰ ਕੇ ਜੰਗਲੇ ਤੇ ਜਾਲੀ ਬਦਲਣ ਦੀ ਸੇਵਾ ਸ਼ੁਰੂ ਕੀਤੀ ਗਈ। ਸ੍ਰੀ ਲੌਂਗੋਵਾਲ ਨੇ ਬਾਬਾ ਪ੍ਰਦੀਪ ਸਿੰਘ ਬੱਧਨੀ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਰੋਵਰ ਵਿਚ ਪਹਿਲਾਂ ਲੱਗੇ ਲੋਹੇ ਦੇ ਜੰਗਲਿਆਂ ਦੀ ਸਾਂਭ-ਸੰਭਾਲ ਲਈ ਕੁਝ ਮਹੀਨਿਆਂ ਬਾਅਦ ਹੀ ਰੰਗ-ਰੋਗਨ ਕਰਨਾ ਪੈਂਦਾ ਸੀ, ਜਿਸ ਕਰਕੇ ਸਟੀਲ ਦੇ ਜੰਗਲੇ ਲਾਏ ਗਏ ਹਨ। ਇਨ੍ਹਾਂ ਜੰਗਲਿਆਂ ਅਤੇ ਜਾਲੀ ਲਈ ਕਰੀਬ 15 ਟਨ ਸਟੀਲ ਲੱਗੀ ਹੈ।


Share