ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ, ਕਵਿਤਾ, ਕਵੀਸ਼ਰੀ ਗਾਇਨ ਅਤੇ ਲਿਖਤੀ ਮੁਕਾਬਲੇ ਕਰਵਾਏ

349
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਕੂਲੀ ਬੱਚਿਆਂ ਦੇ ਕਵੀਸ਼ਰੀ ਮੁਕਾਬਲੇ ਸਮੇਂ ਦੀ ਤਸਵੀਰ।
Share

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲਿਆਂ ਤਹਿਤ ਸ਼ਬਦ ਵਿਚਾਰ, ਕਵਿਤਾ, ਕਵੀਸ਼ਰੀ ਅਤੇ ਲਿਖਤੀ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਸ਼ਬਦ ਵਿਚਾਰ ਮੁਕਾਬਲੇ ਵਿਚ 21 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਕਵਿਤਾ ਮੁਕਾਬਲੇ ਵਿਚ 36 ਸਕੂਲ, ਕਵੀਸ਼ਰੀ ਮੁਕਾਬਲੇ ਵਿਚ 22 ਅਤੇ ਲਿਖਤੀ ਇਮਤਿਹਾਨ ’ਚ 40 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਨੇਤਰਹੀਣ ਬੱਚੇ ਵੀ ਸ਼ਾਮਲ ਹੋਏ।
ਸ਼ਬਦ ਵਿਚਾਰ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਭਾਈ ਗੁਰਮਿੰਦਰ ਸਿੰਘ ਰਿਸਰਚ ਫੈਲੋ ਗੁਰੂ ਨਾਨਕ ਦੇਵ ਯੂਨੀਵਰਸਿਟੀ, ਭਾਈ ਅਰਮਨਜੀਤ ਸਿੰਘ ਰਿਸਰਚ ਸਕਾਲਰ, ਭਾਈ ਅਮਰ ਸਿੰਘ ਪ੍ਰਚਾਰਕ ਨੇ ਨਿਭਾਈ। ਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਸ. ਸੁਰਿੰਦਰ ਸਿੰਘ ਨਿਮਾਣਾ, ਬੀਬੀ ਰਾਜਵਿੰਦਰ ਕੌਰ ਤੇ ਬੀਬੀ ਮਨਜੀਤ ਸਿੰਘ ਪਹੂਵਿੰਡ ਨੇ ਅਤੇ ਕਵੀਸ਼ਰੀ ਮੁਕਾਬਲੇ ਸਮੇਂ ਭਾਈ ਜੋਗਾ ਸਿੰਘ ਭਾਗੋਵਾਲੀ ਕਵੀਸ਼ਰ, ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਅਤੇ ਪ੍ਰੋ. ਸੁਖਵਿੰਦਰ ਸਿੰਘ ਨੇ ਨਿਭਾਈ। ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ ਗੁਰਪੁਰਬ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੈਨੇਜਰ ਸ. ਬਘੇਲ ਸਿੰਘ, ਸ. ਕਾਬਲ ਸਿੰਘ ਸੁਪਰਵਾਈਜ਼ਰ, ਡਾ. ਰਣਜੀਤ ਕੌਰ ਪੰਨਵਾਂ, ਡਾ. ਸਿਮਰਨਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਪਲਵਿੰਦਰ ਕੌਰ, ਸ. ਕਰਮਜੀਤ ਸਿੰਘ, ਪ੍ਰਚਾਰਕ ਭਾਈ ਤਰਸੇਮ ਸਿੰਘ ਆਦਿ ਮੌਜੂਦ ਸਨ।


Share