ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੁਰਦ-ਬੁਰਦ ਹੋਣ ਦਾ ਮਾਮਲਾ: ਢੱਡਰੀਆਂਵਾਲੇ ਨੇ ਸ਼੍ਰੋਮਣੀ ਕਮੇਟੀ ‘ਤੇ ਚੁੱਕੇ ਸਵਾਲ

676
Share

ਚੰਡੀਗੜ੍ਹ, 10 ਅਗਸਤ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਖੁਰਦ-ਬੁਰਦ ਹੋਣ ਦੇ ਮਾਮਲੇ ਵਿਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਸ਼੍ਰੋਮਣੀ ਕਮੇਟੀ ‘ਤੇ ਸਵਾਲ ਚੁੱਕੇ ਹਨ। ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਐੱਸ.ਜੀ.ਪੀ.ਸੀ. ਹੁਣ ਅਖ਼ਬਾਰਾਂ ‘ਚ ਇਸ਼ਿਤਿਹਾਰ ਦੇ ਕੇ ਗਾਇਬ ਸਰੂਪਾਂ ਨੂੰ ਲੱਭ ਰਹੀ ਹੈ ਪਰ ਪਹਿਲਾਂ ਐੱਸ.ਜੀ.ਪੀ.ਸੀ. ਕਿੱਥੇ ਸੀ, ਜਦੋਂ ਇਹ ਸਰੂਪ ਗਾਇਬ ਹੋਏ ਸਨ। ਭਾਈ ਢੱਡਰੀਆਂਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਅਸੀਂ ਗੁਰੂ ਦੇ ਸੋਨੇ, ਗੁਰੂ ਦੀ ਗੋਲਕ ਅਤੇ ਗੁਰੂ ਦੇ ਨਾਮ ‘ਤੇ ਲਈਆਂ ਜ਼ਮੀਨਾਂ ਦੀ ਰਾਖੀ ਕਰ ਰਹੇ ਹਾਂ ਪਰ ਗੁਰੂ ਦੀ ਰਾਖੀ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਰਗਾੜੀ ‘ਚ ਤਾਂ ਗੁਰੂ ਸਾਹਿਬ ਦੇ ਇਕ ਸਰੂਪ ਚੁੱਕਿਆ ਗਿਆ ਸੀ ਪਰ ਐੱਸ.ਜੀ.ਪੀ.ਸੀ. ਕੋਲੋਂ ਤਾਂ 267 ਸਰੂਪ ਗਾਇਬ ਹੋਏ ਹਨ।
ਭਾਈ ਢੱਡਰੀਆਂਵਾਲਿਆਂ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ ਕਿ ਇਹ ਸਰੂਪ ਗਾਇਬ ਨਹੀਂ ਹੋਏ, ਸਗੋਂ ਘੱਟ ਮੁੱਲ ‘ਤੇ ਵੇਚ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਉਨ੍ਹਾਂ ‘ਤੇ ਤਾਂ ਬਹੁਤ ਜਲਦ ਕਮੇਟੀਆਂ ਬਣਾ ਦਿੰਦੇ ਹਨ ਅਤੇ ਅਮਰੀਕ ਸਿੰਘ ਅਜਨਾਲਾ ਵਰਗੇ ਉਨ੍ਹਾਂ ਦੇ ਦੀਵਾਨ ਬੰਦ ਕਰਵਾਉਣ ਲਈ ਧਰਨੇ ਲਗਾ ਦਿੰਦੇ ਹਨ ਪਰ ਹੁਣ ਜਦੋਂ ਗੁਰੂ ਸਾਹਿਬ ਦੇ 267 ਸਰੂਪ ਗਾਇਬ ਹੋਏ ਹਨ, ਤਾਂ ਅਜਨਾਲਾ ਨੇ ਐੱਸ.ਜੀ.ਪੀ.ਸੀ. ਦੇ ਦਫ਼ਤਰ ਅੱਗੇ ਧਰਨਾ ਕਿਉਂ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ 267 ਸਰੂਪ ਗਾਇਬ ਹੋਣੇ ਮਾਮੂਲੀ ਗੱਲ ਨਹੀਂ ਹੈ, ਹੁਣ ਉਹ ਪੁੱਛਣਾ ਚਾਹੁੰਦੇ ਹਨ ਕਿ ਇਸ ਮਾਮਲੇ ਵਿਚ ਕਿਸ-ਕਿਸ ‘ਤੇ ਕਾਰਵਾਈ ਹੋਈ ਹੈ।


Share