ਸ੍ਰੀ ਅਨੰਦਪੁਰ ਸਾਹਿਬ, 27 ਫਰਵਰੀ (ਪੰਜਾਬ ਮੇਲ)- ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਜਾਹੋ-ਜਲਾਲ ਦਾ ਪ੍ਰਤੀਕ ਸਲਾਨਾ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਜੋੜ ਮੇਲੇ ਦਾ ਪਹਿਲਾ ਪੜ੍ਹਾਅ ਅੱਜ ਤੋਂ ਪੁਰਾਤਨ ਸਿੱਖ ਰੀਤੀ ਰਵਾਇਤਾਂ ਅਨੁਸਾਰ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਅਤੇ ”ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ ਹੈ।
ਖਾਲਸਾਈ ਰਵਾਇਤਾਂ ਅਨੁਸਾਰ ਅੱਜ ਅੱਧੀ ਰਾਤ 12 ਵਜੇ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਚ ਸਥਾਪਿਤ ਪੰਜ ਪ੍ਰਾਚੀਨ ਨਗਾਰਿਆਂ ਨੂੰ ਵਜਾ ਕੇ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਸਵੇਰੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਮੇਲੇ ਦਾ ਪਹਿਲਾ ਤਿੰਨ ਰੋਜ਼ਾ ਪੜਾਅ ਸ਼ੁਰੂ ਹੋਇਆ, ਜੋਕਿ 1 ਮਾਰਚ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ 2 ਮਾਰਚ ਤੋਂ 4 ਮਾਰਚ ਤੱਕ ਧਾਰਮਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਲਾ-ਮਹੱਲਾ ਮਨਾਇਆ ਜਾਵੇਗਾ।
ਦੱਸ ਦੇਈਏ ਕਿ ਹੋਲਾ-ਮਹੱਲਾ ਦੋ ਪੜਾਵਾਂ ‘ਚ ਮਨਾਇਆ ਜਾਂਦਾ ਹੈ, ਜਿਸ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਅਤੇ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਪਹਿਲੇ ਪੜਾਅ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਤ 12 ਵਜੇ ਕੌਮ ਦੇ ਜਥੇਦਾਰ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਕਾਰ ਸੇਵਾ ਵਾਲੇ ਮੁਖੀ ਪੰਜ ਪੁਰਾਤਨ ਨਗਾਰੇ ਅਤੇ ਨਰਸਿੰਗ ਵਜਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਹੋਲੇ-ਮਹੱਲੇ ਦੀ ਆਰੰਭਤਾ ਕਰਦੇ ਹਨ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਮੁੱਖਵਾਕ ਲਿਆ ਗਿਆ ਅਤੇ ਮੇਲੇ ਦੀ ਚੜ੍ਹਦੀ ਕਲਾ, ਸੁਖ-ਸ਼ਾਂਤੀ ਅਤੇ ਸੰਗਤ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਬਾਬਾ ਟੇਕ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਐੱਸ. ਜੀ. ਪੀ. ਸੀ, ਭਾਈ ਮਲਕੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਐਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਗੁਰਦੁਆਰਾ ਇੰਸਪੈਕਟਰ ਤਲਵਿੰਦਰ ਸਿੰਘ ਰਸੀਆਂ ਅਤੇ ਭਾਈ ਅਮਰਜੀਤ ਸਿੰਘ ਜਿੰਦਬੜੀ ਮੈਨੇਜਰ ਗੁਰਦੁਆਰਾ ਪਾਤਾਲਪੁਰੀ ਸਾਹਿਬ, ਗੁਰਵਿੰਦਰ ਸਿੰਘ ਸਰਕਲ ਪ੍ਰਧਾਨ ਸਮੇਤ ਕਈ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।

