ਗੁਰਦਾਸਪੁਰ, 3 ਜਨਵਰੀ (ਪੰਜਾਬ ਮੇਲ)- ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੇ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਸ੍ਰੀ ਕਰਤਾਰਪੁਰ ਸਾਹਿਬ ਨੂੰ ਫੰਡ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਪ੍ਰਾਜੈਕਟ ਦੀ ਮੈਨੇਜਮੈਂਟ ਵਾਲੀ ਸਵੈ-ਮਾਲੀਆ ਪੈਦਾ ਕਰਨ ਵਾਲੀ ਸੰਸਥਾ ਹੈ। ਇਹ ਪ੍ਰਾਜੈਕਟ ਇਕ ਵੀਜ਼ਾ-ਮੁਕਤ ਸਰਹੱਦੀ ਲਾਂਘਾ ਅਤੇ ਧਾਰਮਿਕ ਗਲਿਆਰਾ ਹੈ, ਜੋ ਪਾਕਿਸਤਾਨ ‘ਚ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਨੂੰ ਭਾਰਤ ‘ਚ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਤੋਂ ਬਾਅਦ ਈ.ਟੀ.ਪੀ.ਬੀ. ਨੇ ਮੁੱਢਲੀ ਕਿਸ਼ਤ ਵਜੋਂ 70 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਜਨਵਰੀ 2024 ਤੋਂ ਬੋਰਡ ਪੀ.ਐੱਮ.ਯੂ. ਸ੍ਰੀ ਕਰਤਾਰਪੁਰ ਸਾਹਿਬ ਨੂੰ 13 ਕਰੋੜ ਰੁਪਏ ਦਾ ਮਹੀਨਾਵਾਰ ਭੁਗਤਾਨ ਮੁਹੱਈਆ ਕਰੇਗਾ, ਜੋ ਕਿ ਉਥੇ ਬਣਨ ਵਾਲੇ ਦਰਸ਼ਨੀ ਡਿਓੜੀ ਅਤੇ ਸਿੱਖ ਰਿਜ਼ੋਰਟ ‘ਤੇ ਖ਼ਰਚ ਕੀਤਾ ਜਾਵੇਗਾ। ਈ.ਟੀ.ਪੀ.ਬੀ.ਪੀ. ਐੱਮ. ਯੂ. ਸ੍ਰੀ ਕਰਤਾਰਪੁਰ ਸਾਹਿਬ ਨੂੰ ਇਸ ਦੀ ਵਿੱਤੀ ਸਥਿਤੀ ਨੂੰ ਸਥਿਰ ਕਰਨ ਲਈ ਦੋ ਸਾਲਾਂ ‘ਚ 312 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰੇਗਾ।
ਸੂਤਰਾਂ ਅਨੁਸਾਰ ਅਕਤੂਬਰ 2023 ‘ਚ ਈ.ਟੀ.ਪੀ.ਬੀ. ਦੀ 353ਵੀਂ ਮੀਟਿੰਗ ਦੌਰਾਨ ਪੀ.ਐੱਮ.ਯੂ. ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਯੂਨਿਟ ਦੇ ਗੰਭੀਰ ਵਿੱਤੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਸੀ।