#PUNJAB

ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਜਿੱਤਣਾ ‘ਆਪ’ ਤੇ ਭਾਜਪਾ ਲਈ ਵੱਡੀ ਚੁਣੌਤੀ!

-ਹਲਕੇ ਤੋਂ ਦੋ ਵਾਰ ਕਾਂਗਰਸ ਤੇ ਇੱਕ ਵਾਰ ਅਕਾਲੀ ਦਲ ਜਿੱਤਿਆ
ਐੱਸ.ਏ.ਐੱਸ. ਨਗਰ (ਮੁਹਾਲੀ), 2 ਅਪ੍ਰੈਲ (ਪੰਜਾਬ ਮੇਲ)- ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਲਈ ਸੀਟ ਜਿੱਤਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਹਲਕੇ ਤੋਂ ਵਾਰੋ-ਵਾਰੀ ਕਾਂਗਰਸ ਅਤੇ ਅਕਾਲੀ ਉਮੀਦਵਾਰ ਹੀ ਚੋਣ ਜਿੱਤਦੇ ਰਹੇ ਹਨ। ਸਾਲ 2009 ਵਿਚ ਸ੍ਰੀ ਆਨੰਦਪੁਰ ਸਾਹਿਬ ਹਲਕਾ ਹੋਂਦ ਵਿਚ ਆਇਆ ਸੀ। ਇਸ ਤੋਂ ਪਹਿਲਾਂ ਇਹ ਇਲਾਕਾ ਰੂਪਨਗਰ ਲੋਕ ਸਭਾ ਹਲਕੇ ਦਾ ਹਿੱਸਾ ਸੀ।
ਸ੍ਰੀ ਆਨੰਦਪੁਰ ਸਾਹਿਬ ਹਲਕੇ ‘ਚੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। 2014 ਵਿਚ ਬਿੱਟੂ ਨੂੰ ਆਪਣੇ ਪਿਤਰੀ ਹਲਕੇ ਲੁਧਿਆਣਾ ਦਾ ਮੋਹ ਜਾਗ ਪਿਆ। ਉਹ ਲੁਧਿਆਣਾ ਤੋਂ ਵੀ ਚੋਣ ਜਿੱਤ ਗਏ। ਉਧਰ, ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੀ ਅੰਬਿਕਾ ਸੋਨੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਚੋਣ ਹਾਰ ਗਏ। ਮਗਰੋਂ 2019 ਵਿਚ ਚੰਦੂਮਾਜਰਾ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਰਾਇਆ।
ਇਸ ਵਾਰ ਭਾਜਪਾ ਆਪਣੇ ਬਲਬੂਤੇ ‘ਤੇ ਲੋਕ ਸਭਾ ਚੋਣਾਂ ਲੜ ਰਹੀ ਹੈ। ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਹਨ। ਬਸਪਾ ਵੀ ਆਪਣੇ ਦਮ ‘ਤੇ ਚੋਣ ਲੜੇਗੀ। ‘ਆਪ’ ਵੱਲੋਂ ਮਾਲਵਿੰਦਰ ਸਿੰਘ ਕੰਗ, ਦੀਪਕ ਬਾਲੀ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਲੜਨ ਦੇ ਚਾਹਵਾਨ ਹਨ, ਜਦੋਂਕਿ ਅਕਾਲੀ ਦਲ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਚੋਣ ਲੜਨ ਦੇ ਚਾਹਵਾਨ ਹਨ। ਕਾਂਗਰਸ ਵੱਲੋਂ ਮੌਜੂਦਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਅੰਗਦ ਸਿੰਘ ਸੈਣੀ ਚੋਣ ਲੜਨ ਦੇ ਚਾਹਵਾਨ ਹਨ। ਭਾਜਪਾ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈ ਬੀਰ ਸਿੰਘ ਲਾਲਪੁਰਾ, ਸੁਖਵਿੰਦਰ ਸਿੰਘ ਗੋਲਡੀ, ਸੁਭਾਸ਼ ਸ਼ਰਮਾ, ਕਮਲਦੀਪ ਸਿੰਘ ਸੈਣੀ, ਅਮਰੀਕ ਸਿੰਘ ਹੈਪੀ ਟਿਕਟ ਦੀ ਦੌੜ ਵਿਚ ਸ਼ਾਮਲ ਹਨ ਪ੍ਰੰਤੂ ਸੂਤਰ ਦੱਸਦੇ ਹਨ ਕਿ ਕਈ ਕਾਂਗਰਸੀਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਸ ਮਗਰੋਂ ਸਥਿਤੀ ਸਪੱਸ਼ਟ ਹੋਵੇਗੀ।