#PUNJAB

ਸੋਸ਼ਲ ਮੀਡੀਆ ’ਤੇ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ

ਚੰਡੀਗੜ੍ਹ, 5 ਮਾਰਚ (ਪੰਜਾਬ ਮੇਲ)- ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ ਅਨੁਸਾਰ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ,“ਲਾਸਾਲ ਪੁਲੀਸ ਸਰਵਿਸ ਸ਼੍ਰੀਮਤੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਜਨਤਕ ਚਿੰਤਾ ਨੂੰ ਘੱਟ ਕਰਨ ਲਈ,ਅਸੀਂ ਸਾਂਝਾ ਕਰ ਰਹੇ ਹਾਂ ਕਿ ਜਾਂਚਕਰਤਾ ਇਸ ਨੂੰ ਇੱਕ ਅਲੱਗ ਘਟਨਾ ਵਜੋਂ ਦੇਖ ਰਹੇ ਹਨ।” ਹਾਲਾਂਕਿ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਇੱਕ ਵੱਖਰੀ ਘਟਨਾ ਦੇ ਤੌਰ ’ਤੇ ਦੱਸਿਆ ਹੈ,ਪਰ ਉਨ੍ਹਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕੋਈ ਸ਼ੱਕੀ ਹਿਰਾਸਤ ਵਿੱਚ ਹੈ ਜਾਂ ਨਹੀਂ।

ਪੁਲੀਸ ਅਤੇ ਪੈਰਾਮੈਡਿਕਸ ਮੰਗਲਵਾਰ ਰਾਤ 9:30 ਵਜੇ ਤੋਂ ਕੁਝ ਸਮਾਂ ਪਹਿਲਾਂ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਸੂਚਨਾ ਮਿਲਣ ‘ਤੇ ਪਹੁੰਚੇ ਸਨ। ਬਚਾਅ ਕਰਮਚਾਰੀਆਂ ਨੂੰ ਉੱਥੇ ਇੱਕ ਮਹਿਲਾ ਮਿਲੀ ਜੋ ਚਾਕੂ ਦੇ ਜ਼ਖ਼ਮਾਂ ਨਾਲ ਜੂਝ ਰਹੀ ਸੀ। ਪੁਲੀਸ ਨੇ ਦੱਸਿਆ ਕਿ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਮੈਂਬਰਾਂ ਨੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ,ਜਿੱਥੇ ਉਸ ਨੇ “ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।” 

ਬੁੱਧਵਾਰ ਸਵੇਰੇ,ਅਧਿਕਾਰੀਆਂ ਨੇ ਟੌਡ ਲੇਨ ‘ਤੇ ਕੈਨੇਡਾ ਸਟ੍ਰੀਟ ਅਤੇ ਬਿਸ਼ਪ ਸਟ੍ਰੀਟ ਦੇ ਵਿਚਕਾਰ ਦੋ ਘਰਾਂ ਨੂੰ ਘੇਰ ਲਿਆ ਸੀ। ਇੱਕ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੱਕ ਜਾਣ ਵਾਲੇ ਕੰਕਰੀਟ ਦੇ ਰਸਤੇ ਅਤੇ ਪੌੜੀਆਂ ‘ਤੇ ਕਈ ਸਬੂਤ ਮਾਰਕਰ ਵੀ ਲਗਾਏ ਗਏ ਸਨ। ਅਧਿਕਾਰੀਆਂ ਨੇ ਲਗਪਗ ਇੱਕ ਕਿਲੋਮੀਟਰ ਦੂਰ ਟੌਡ ਲੇਨ ‘ਤੇ ਹੀ ਇੱਕ ਜੰਗਲੀ ਖੇਤਰ ਦੇ ਆਲੇ-ਦੁਆਲੇ ਪੀਲੀ ਪੁਲੀਸ ਟੇਪ ਵੀ ਲਗਾਈ ਸੀ,ਜਿੱਥੇ ਹਰਬ ਗ੍ਰੇ ਪਾਰਕਵੇਅ ਦੇ ਨੇੜੇ ਪੈਦਲ ਚੱਲਣ ਵਾਲੇ ਰਸਤਿਆਂ ਦਾ ਪ੍ਰਵੇਸ਼ ਦੁਆਰ ਹੈ।

ਕੌਣ ਹੈ Nancy Grewal? 

ਨੈਂਸੀ ਗਰੇਵਾਲ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਫੀ ਸਰਗਰਮ ਸੀ ਅਤੇ ਉਹ ਸਿੱਖ ਸਿਆਸਤ, ਵੱਡੇ ਸਿਆਸੀ ਆਗੂਆਂ ਅਤੇ ਖਾਸ ਕਰਕੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਵਿਰੁੱਧ ਆਪਣੀਆਂ ਤਿੱਖੀਆਂ ਤੇ ਵਿਵਾਦਪੂਰਨ ਟਿੱਪਣੀਆਂ ਲਈ ਜਾਣੀ ਜਾਂਦੀ ਸੀ। ਉਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਸਨ, ਜਿਸ ਕਾਰਨ ਉਹ ਕਈ ਵਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਦੀ ਸੀ। ਪਰ ਹਾਲਾਂਕਿ ਪੁਲੀਸ ਵੱਲੋਂ ਹਾਲੇ ਤੱਕ Nancy Grewal ਦੀ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ।