#INDIA

ਸੋਨੀਆ ਗਾਂਧੀ ਸਮੇਤ 14 ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਸਣੇ 14 ਜਣਿਆਂ ਨੇ ਵੀਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ ਵਿਚ ਸਹੁੰ ਚੁਕਾਈ। ਸ਼੍ਰੀਮਤੀ ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ, ਵੈਸ਼ਨਵ ਨੇ ਉੜੀਸਾ ਤੋਂ ਚੁਣੇ ਹਨ। ਕਰਨਾਟਕ ਤੋਂ ਕਾਂਗਰਸ ਨੇਤਾ ਅਜੈ ਮਾਕਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਨੇਤਾ ਆਰਪੀਐੱਨ ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਜਪਾ ਮੈਂਬਰ ਸਮਿਕ ਭੱਟਾਚਾਰੀਆ ਰਾਜ ਸਭਾ ਦੀ ਸਹੁੰ ਚੁੱਕਣ ਵਾਲੇ 14 ਵਿਅਕਤੀਆਂ ਵਿਚ ਸ਼ਾਮਲ ਸਨ। ਸਾਰਿਆਂ ਨੇ ਬਾਅਦ ਵਿਚ ਚੇਅਰਮੈਨ ਨਾਲ ਫੋਟੋ ਖਿਚਵਾਈ। ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੀ ਹੈ। ਸਮਾਗਮ ਦੌਰਾਨ ਉਨ੍ਹਾਂ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਮੌਜੂਦ ਸਨ।