#AMERICA

ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਕਾਸ਼ ਪਟੇਲ ਬਣੇ FBI Chief

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)-ਸੈਨੇਟ ਨੇ ਵੀਰਵਾਰ ਨੂੰ ਕਾਸ਼ ਪਟੇਲ ਦੇ ਨਾਮ ‘ਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਵਜੋਂ ਮੋਹਰ ਲਗਾ ਦਿੱਤੀ ਹੈ। ਅਮਰੀਕੀ ਸੈਨੇਟ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਪਟੇਲ ਦੇਸ਼ ਦੀ ਚੋਟੀ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਸੈਨੇਟ ਵਿਚ ਹੋਈ ਵੋਟਿੰਗ ਵਿਚ ਪਟੇਲ ਨੇ ਮਾਮੂਲੀ ਫਰਕ ਨਾਲ ਜਿੱਤ ਹਾਸਲ ਕਰਕੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਸਿਖਰਲੇ ਅਹੁਦੇ ‘ਤੇ ਨਿਯੁਕਤੀ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ। ਹਾਲਾਂਕਿ, ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੂੰ ਪਟੇਲ ਦੀ ਯੋਗਤਾ ‘ਤੇ ਸ਼ੱਕ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ਼ਾਰੇ ‘ਤੇ ਕੰਮ ਕਰਨਗੇ ਅਤੇ ਰਿਪਬਲਿਕਨ ਰਾਸ਼ਟਰਪਤੀ ਦੇ ਵਿਰੋਧੀਆਂ ਵਿਰੁੱਧ ਕੰਮ ਕਰਨਗੇ। ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੀ ਸੈਨੇਟ ਵਿੱਚ 51-49 ਦੇ ਫਰਕ ਨਾਲ ਐੱਫ.ਬੀ.ਆਈ. ਡਾਇਰੈਕਟਰ ਵਜੋਂ ਕਾਸ਼ ਪਟੇਲ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਗਈ।ਹਾਲਾਂਕਿ, ਮੇਨ ਤੋਂ ਰਿਪਬਲਿਕਨ ਪਾਰਟੀ ਦੀ ਸੈਨੇਟਰ ਸੁਜ਼ਨ ਕੋਲਿਨਜ਼ ਅਤੇ ਅਲਾਸਕਾ ਤੋਂ ਲੀਜ਼ਾ ਮੁਰਕੋਵਸਕੀ ਨੇ ਪਟੇਲ ਦੀ ਉਮੀਦਵਾਰੀ ਦਾ ਵਿਰੋਧ ਕੀਤਾ। ਆਰ-ਆਇਓਵਾ ਦੇ ਸੈਨੇਟਰ ਅਤੇ ਸੈਨੇਟ ਨਿਆਂਇਕ ਕਮੇਟੀ ਦੇ ਚੇਅਰਮੈਨ ਚੱਕ ਗ੍ਰਾਸਲੀ ਨੇ ਪਟੇਲ ਦੇ ਨਾਮ ਦੀ ਪੁਸ਼ਟੀ ਤੋਂ ਪਹਿਲਾਂ ਕਿਹਾ ਸੀ,  “ਪਟੇਲ ਇੱਕ ਵਾਰ ਫਿਰ ਐੱਫ.ਬੀ.ਆਈ. ਨੂੰ ਜਵਾਬਦੇਹ ਬਣਾਉਣ ਅਤੇ ਕਾਨੂੰਨ ਲਾਗੂ ਕਰਨ ਲਈ ਏਜੰਸੀ ਦੀ ਇਤਿਹਾਸਕ ਸਾਖ ਨੂੰ ਬਹਾਲ ਕਰਨਾ ਚਾਹੁੰਦੇ ਹਨ।” ਉਨ੍ਹਾਂ ਕਿਹਾ, “ਉਹ (ਪਟੇਲ) ਐੱਫ.ਬੀ.ਆਈ. ਨੂੰ ਕਾਂਗਰਸ (ਅਮਰੀਕੀ ਸੰਸਦ), ਰਾਸ਼ਟਰਪਤੀ ਅਤੇ ਸਭ ਤੋਂ ਮਹੱਤਵਪੂਰਨ ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਬਣਾਉਣਾ ਚਾਹੁੰਦੇ ਹਨ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ, ਅਮਰੀਕੀ ਟੈਕਸਦਾਤਾ।” ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਪਿਛਲੇ ਐੱਫ.ਬੀ.ਆਈ. ਡਾਇਰੈਕਟਰਾਂ ਦੇ ਮੁਕਾਬਲੇ ਪਟੇਲ ਦੇ ਪ੍ਰਬੰਧਨ ਦੇ ਤਜਰਬੇ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ (ਪਟੇਲ) ਦੇ ਪਿਛਲੇ ਭੜਕਾਊ ਬਿਆਨਾਂ ਵੱਲ ਇਸ਼ਾਰਾ ਕੀਤਾ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਪਟੇਲ ਨੇ ਆਪਣੀ ਨਾਮਜ਼ਦਗੀ ਦੀ ਪੁਸ਼ਟੀ ਹੋਣ ਤੋਂ ਬਾਅਦ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਮੈ ਐੱਫ.ਬੀ.ਆਈ. ਦੇ 9ਵੇਂ ਡਾਇਰੈਕਟਰ ਵਜੋਂ ਨਿਯੁਕਤ ਕੀਤੇ ਜਾਣ ‘ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਬੋਂਡੀ ਦਾ ਤੁਹਾਡੇ ਅਟੁੱਟ ਵਿਸ਼ਵਾਸ ਅਤੇ ਸਮਰਥਨ ਲਈ ਧੰਨਵਾਦ।”