#INDIA

ਸੈਕਸ ਸਕੈਂਡਲ: ਬੰਗਲੂਰੂ ਅਦਾਲਤ ਨੇ ਪ੍ਰਜਵਲ ਰੇਵੰਨਾ 7 ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ

ਬੰਗਲੂਰੂ, 31 ਮਈ (ਪੰਜਾਬ ਮੇਲ)- ਬੰਗਲੂਰੂ ਦੀ ਇਕ ਅਦਾਲਤ ਨੇ ਅੱਜ ਜਨਤਾ ਦਲ (ਐੱਸ) ਦੇ ਮੁਅੱਤਲ ਆਗੂ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ 6 ਜੂਨ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਪੋਤੇ 33 ਸਾਲਾ ਪ੍ਰਜਵਲ ਨੂੰ ਅੱਜ ਤੜਕੇ ਜਰਮਨੀ ਦੇ ਮਿਊਨਿਖ ਤੋਂ ਪਰਤਣ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕਈ ਔਰਤਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਜਰਮਨੀ ਚਲਾ ਗਿਆ ਸੀ। ਪ੍ਰਜਵਲ ‘ਤੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਪ੍ਰਜਵਲ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਉਸ ਕੋਲੋਂ ਪੁੱਛ-ਪੜਤਾਲ ਕਰੇਗੀ। ਸਿਟ ਨੇ ਮੈਡੀਕਲ ਜਾਂਚ ਤੋਂ ਬਾਅਦ ਪ੍ਰਜਵਲ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੱਤ ਦਿਨਾਂ ਲਈ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ।