ਵਾਸ਼ਿੰਗਟਨ, 20 ਦਸੰਬਰ (ਪੰਜਾਬ ਮੇਲ)- ਗੂਗਲ ਦੇ ਕਰਮਚਾਰੀਆਂ ਲਈ ਬੁਰੀ ਖਬਰ ਹੈ। ਕੰਪਨੀ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਸੰਕੇਤ ਦਿੱਤਾ ਹੈ ਕਿ ਗੂਗਲ ਪ੍ਰਬੰਧਕਾਂ, ਨਿਰਦੇਸ਼ਕਾਂ ਅਤੇ ਉਪ ਪ੍ਰਧਾਨਾਂ ਵਰਗੇ ਅਹੁਦਿਆਂ ‘ਤੇ ਕੰਮ ਕਰ ਰਹੇ ਆਪਣੇ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਫੈਸਲਾ ਓਪਨ.ਏ.ਆਈ. ਨਾਲ ਮੁਕਾਬਲਾ ਵਧਾਉਣ ਅਤੇ ਕੰਪਨੀ ਦੇ ਢਾਂਚੇ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਲਿਆ ਜਾ ਰਿਹਾ ਹੈ। ਗੂਗਲ ਇੰਡੀਆ ਨੇ ਵਿੱਤੀ ਸਾਲ 2024 ‘ਚ 7097 ਕਰੋੜ ਰੁਪਏ ਕਮਾਏ ਹਨ।
ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ। ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ, ਉਨ੍ਹਾਂ ਵਿਚੋਂ ਕੁਝ ਦੀ ਨੌਕਰੀ ਬਦਲ ਦਿੱਤੀ ਜਾਵੇਗੀ, ਜਦਕਿ ਬਾਕੀਆਂ ਨੂੰ ਛਾਂਟ ਦਿੱਤਾ ਜਾਵੇਗਾ।
ਸਾਲ 2022 ‘ਚ, ਗੂਗਲ ਨੇ 12,000 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਇਸ ਸਾਲ ਮਈ 2024 ਵਿਚ ਕੋਰ ਟੀਮ ਵਿਚੋਂ 200 ਅਫਸਰਾਂ ਨੂੰ ਕੱਢ ਦਿੱਤਾ ਗਿਆ ਸੀ। ਹਾਲ ਹੀ ‘ਚ ਗੂਗਲ ਦੇ ਕੈਲੀਫੋਰਨੀਆ ਦਫਤਰ ਤੋਂ ਇੰਜੀਨੀਅਰਿੰਗ ਟੀਮ ਦੇ 50 ਕਰਮਚਾਰੀਆਂ ਨੂੰ ਵੀ ਹਟਾ ਦਿੱਤਾ ਗਿਆ ਸੀ।
ਸੁੰਦਰ ਪਿਚਾਈ ਨੇ ਕਿਹਾ ਕਿ ਕਿਸੇ ਵੀ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਟੀਮ ਵਰਕ ਜ਼ਰੂਰੀ ਹੈ। ‘ਗੁਗਲੀਨੈੱਸ’ ਦਾ ਮਤਲਬ ਸਮਝਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਧੁਨਿਕ ਗੂਗਲ ਨੂੰ ਅਪਡੇਟ ਕਰਨ ਲਈ ਕਰਮਚਾਰੀਆਂ ਦੀ ਗੁਣਵੱਤਾ ‘ਤੇ ਧਿਆਨ ਦੇਣਾ ਹੋਵੇਗਾ।