ਨਵੀਂ ਦਿੱਲੀ, 22 ਮਾਰਚ (ਪੰਜਾਬ ਮੇਲ)- ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਕਲੋਜ਼ਰ ਰਿਪੋਰਟ ਮੁੰਬਈ ਦੀ ਅਦਾਲਤ ਵਿਚ ਦਾਖ਼ਲ ਕਰ ਦਿੱਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ 2020 ਵਿਚ ਮੌਤ ਹੋ ਗਈ ਸੀ। ਕਰੀਬ 4 ਸਾਲ 4 ਮਹੀਨਿਆਂ ਬਾਅਦ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ। ਸੀ.ਬੀ.ਆਈ. ਨੇ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸੀ.ਬੀ.ਆਈ. ਜਾਂਚ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।
ਸੁਸ਼ਾਂਤ ਦੇ ਪਿਤਾ ਵਲੋਂ ਰੀਆ ਚੱਕਰਵਰਤੀ ‘ਤੇ ਲਗਾਏ ਗਏ ਦੋਸ਼ਾਂ ਅਤੇ ਰੀਆ ਵਲੋਂ ਸੁਸ਼ਾਂਤ ਦੇ ਪਰਿਵਾਰ ‘ਤੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਦੋਵਾਂ ਮਾਮਲਿਆਂ ‘ਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਹੈ। ਸੀ.ਬੀ.ਆਈ. ਨੇ ਸੁਸ਼ਾਂਤ ਕੇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਗਸਤ 2020 ਵਿਚ ਜਾਂਚ ਸ਼ੁਰੂ ਕੀਤੀ। 4 ਸਾਲ ਦੀ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਰਿਪੋਰਟਾਂ ਅਤੇ ਸੂਤਰਾਂ ਮੁਤਾਬਕ ਰੀਆ ਅਤੇ ਉਸ ਦੇ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੀ.ਬੀ.ਆਈ. ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਕਿਸੇ ਨੇ ਮਜਬੂਰ ਕੀਤਾ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਕੋਲ ਮੁੰਬਈ ਕੋਰਟ ‘ਚ ‘ਪ੍ਰੋਟੈਸਟ ਪਟੀਸ਼ਨ’ ਦਾਇਰ ਕਰਨ ਦਾ ਵਿਕਲਪ ਹੈ। ਸੀ.ਬੀ.ਆਈ. ਨੇ ਸੁਸ਼ਾਂਤ ਦੀ ਖੁਦਕੁਸ਼ੀ ਮਾਮਲੇ ਦੀ ਏਮਜ਼ ਮਾਹਿਰਾਂ ਤੋਂ ਜਾਂਚ ਕਰਵਾਈ ਸੀ। ਏਮਜ਼ ਦੀ ਫੋਰੈਂਸਿਕ ਟੀਮ ਨੇ ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਇਨਕਾਰ ਕੀਤਾ ਸੀ। ਸੋਸ਼ਲ ਮੀਡੀਆ ਚੈਟ ਨੂੰ ਐੱਮ.ਐੱਲ.ਏ.ਟੀ. ਰਾਹੀਂ ਜਾਂਚ ਲਈ ਅਮਰੀਕਾ ਭੇਜਿਆ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਚੈਟ ਵਿਚ ਕੋਈ ਛੇੜਛਾੜ ਨਹੀਂ ਹੋਈ। ਰੀਆ ਚੱਕਰਵਰਤੀ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਰਹੀ ਹੈ ਅਤੇ ਖੁਦ ਸੁਸ਼ਾਂਤ ਖੁਦਕੁਸ਼ੀ ਮਾਮਲੇ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਾਂਚ ਦੀ ਮੰਗ ਕਰ ਚੁੱਕੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਮਾਮਲਾ; ਰੀਆ ਚੱਕਰਵਰਤੀ ਨੂੰ ਮਿਲੀ ਕਲੀਨ ਚਿੱਟ
