#INDIA

ਸੁਪਰੀਮ ਕੋਰਟ ਵੱਲੋਂ ਆਬਕਾਰੀ ਨੀਤੀ ਮਾਮਲੇ ‘ਚ ਸੰਜੈ ਸਿੰਘ ਨੂੰ ਜ਼ਮਾਨਤ

ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਜੇਕਰ ਸੰਜੈ ਸਿੰਘ ਨੂੰ ਕੇਸ ਵਿਚ ਜ਼ਮਾਨਤ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦਾ ਆਮ ਆਦਮੀ ਪਾਰਟੀ ਨੇ ਸਵਾਗਤ ਕੀਤਾ ਹੈ।
ਜਸਟਿਸ ਸੰਜੀਵ ਖੰਨਾ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਪੀ.ਬੀ. ਵਰਾਲੇ ਦੇ ਬੈਂਚ ਨੇ ਛੇ ਮਹੀਨੇ ਤੋਂ ਜੇਲ੍ਹ ‘ਚ ਬੰਦ ਸੰਜੈ ਸਿੰਘ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਕਿਹਾ ਕਿ ‘ਆਪ’ ਨੇਤਾ ਆਪਣੀਆਂ ਸਿਆਸੀ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ ਪਰ ਇਸ ਕੇਸ ਦੇ ਸਬੰਧ ਵਿਚ ਕੋਈ ਬਿਆਨ ਨਹੀਂ ਦੇ ਸਕਦੇ। ਸੰਜੈ ਸਿੰਘ ਦੀ ਰਿਹਾਈ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਆਮ ਆਦਮੀ ਪਾਰਟੀ ਦੇ ਸਾਹਮਣੇ 19 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਦਾ ਸੰਕਟ ਹੈ। ਬੈਂਚ ਨੇ ਕਿਹਾ ਕਿ ਸੰਜੈ ਸਿੰਘ ਪੂਰੇ ਮੁਕੱਦਮੇ ਦੌਰਾਨ ਜ਼ਮਾਨਤ ‘ਤੇ ਬਾਹਰ ਰਹਿਣਗੇ ਅਤੇ ਉਨ੍ਹਾਂ ਦੀ ਜ਼ਮਾਨਤ ਦੀਆਂ ਸ਼ਰਤਾਂ ਵਿਸ਼ੇਸ਼ ਅਦਾਲਤ ਤੈਅ ਕਰੇਗੀ।
ਈ.ਡੀ. ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐੱਸ.ਵੀ. ਰਾਜੂ ਨੇ ਕਿਹਾ ਕਿ ਉਨ੍ਹਾਂ ਜਾਂਚ ਏਜੰਸੀ ਤੋਂ ਹਦਾਇਤਾਂ ਲੈ ਲਈਆਂ ਹਨ ਅਤੇ ਜੇਕਰ ਸੰਜੈ ਸਿੰਘ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ, ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਮਾਮਲੇ ਦੇ ਗੁਣ-ਦੋਸ਼ਾਂ ‘ਚ ਗਏ ਬਿਨਾਂ ਬਿਆਨ ਦੇ ਰਿਹਾ ਹਾਂ।’ ਬੈਂਚ ਨੇ ਬਿਆਨ ਦਾ ਨੋਟਿਸ ਲੈਂਦਿਆਂ ਹੁਕਮ ਦਿੱਤਾ, ‘ਏ.ਐੱਸ.ਜੀ. ਐੱਸ.ਵੀ. ਰਾਜੂ ਨੂੰ ਸਵੇਰ ਦੇ ਸੈਸ਼ਨ ‘ਚ ਨਿਰਦੇਸ਼ ਲੈਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਹੈ ਕਿ ਜੇਕਰ ਸੰਜੈ ਸਿੰਘ ਨੂੰ ਐੱਫ.ਆਈ.ਆਰ. ਨਾਲ ਜੁੜੀ ਕਾਰਵਾਈ ‘ਚ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਬਿਆਨ ਦੇ ਮੱਦੇਨਜ਼ਰ ਅਸੀਂ ਮੌਜੂਦਾ ਅਪੀਲ ਦੀ ਇਜਾਜ਼ਤ ਦਿੰਦੇ ਹਾਂ ਅਤੇ ਨਿਰਦੇਸ਼ ਦਿੰਦੇ ਹਾਂ ਕਿ ਸੰਜੈ ਸਿੰਘ ਨੂੰ ਨਿਯਮ ਤੇ ਸ਼ਰਤਾਂ ਤਹਿਤ ਕੇਸ ਦੇ ਪੈਂਡਿੰਗ ਰਹਿਣ ਦੌਰਾਨ ਜ਼ਮਾਨਤ ‘ਤੇ ਰਿਹਾਅ ਕੀਤਾ ਜਾਵੇ।’ ਬੈਂਚ ਨੇ ਕਿਹਾ ਕਿ ਸੰਜੈ ਸਿੰਘ ਨੂੰ ਦਿੱਤੀ ਗਈ ਜ਼ਮਾਨਤ ਨੂੰ ‘ਮਿਸਾਲ’ ਵਜੋਂ ਨਹੀਂ ਲਿਆ ਜਾਵੇਗਾ। ਇਸ ਹੁਕਮ ਨਾਲ ਕੇਜਰੀਵਾਲ ਸਮੇਤ ਜੇਲ੍ਹ ‘ਚ ਬੰਦ ‘ਆਪ’ ਦੇ ਹੋਰ ਆਗੂਆਂ ਨੂੰ ਰਾਹਤ ਨਹੀਂ ਮਿਲਣ ਵਾਲੀ।
ਸੰਜੈ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ ਕਿ ਉਸ ਦੇ ਤਿੰਨ ਭਰਾਵਾਂ ਅਰਵਿੰਦ ਕੇਜਰੀਵਾਲ, ਸਿਸੋਦੀਆ ਤੇ ਸਤੇਂਦਰ ਜੈਨ ਦੇ ਹੁਣ ਵੀ ਜੇਲ੍ਹ ਅੰਦਰ ਹੋਣ ਕਾਰਨ ਖੁਸ਼ੀਆਂ ਅਧੂਰੀਆਂ ਹਨ।